ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 24 ਜਨਵਰੀ
ਵਿਧਾਨ ਸਭਾ ਹਲਕਾ ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਾਕਮ ਸਿੰਘ ਠੇਕੇਦਾਰ ਨੇ ਆਪਣੀ ਚੋਣ ਮੁਹਿੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਹੈ। ਅੱਜ ਉਨ੍ਹਾਂ ਅੱਧੀ ਦਰਜਨ ਪਿੰਡਾਂ ਵਿਚ ਚੋਣ ਮੀਟਿੰਗਾਂ ਕੀਤੀਆਂ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਜੋੜਨ ਲਈ ਨਿੱਜੀ ਮੀਟਿੰਗਾਂ ਵੀ ਕੀਤੀਆਂ। ਉਨ੍ਹਾਂ ਪਿੰਡ ਹੇਰਾਂ, ਬੜੈਚ, ਰਾਜੋਆਣਾ ਕਲਾਂ, ਚੱਕ ਭਾਈਕਾ ਅਤੇ ਹੋਰ ਪਿੰਡਾਂ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਹਾਕਮ ਸਿੰਘ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਪਿਛਲੇ 70 ਸਾਲਾਂ ਤੋਂ ਪੰਜਾਬ ਨੂੰ ਲੁੱਟਣ ਵਿਚ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਰੁਜ਼ਗਾਰ ਨਾ ਮਿਲਣ ਕਾਰਨ ਨੌਜਵਾਨ ਪੜ੍ਹ ਲਿਖ ਕੇ ਵਿਦੇਸ਼ਾਂ ਨੂੰ ਭੱਜ ਰਹੇ ਹਨ, ਜਿਸ ਕਾਰਨ ਪੰਜਾਬ ਨੂੰ ਆਰਥਿਕ ਪੱਧਰ ’ਤੇ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਲਈ ਆਮ ਆਦਮੀ ਪਾਰਟੀ ਇਕ ਇਮਾਨਦਾਰ ਸਰਕਾਰ ਦੇਵੇਗੀ ਤਾਂ ਕਿ ਪੰਜਾਬ ਕਰਜ਼ਾ ਮੁਕਤ ਹੋ ਸਕੇ ਅਤੇ ਨੌਜਵਾਨਾਂ ਨੂੰ ਪੰਜਾਬ ਵਿਚ ਹੀ ਰੁਜ਼ਗਾਰ ਮਿਲੇ ਅਤੇ ਪੰਜਾਬ ਤਰੱਕੀ ਕਰੇ। ਕਾਂਗਰਸ ਪਾਰਟੀ ਉੱਪਰ ਹਮਲਾ ਕਰਦਿਆਂ, ਉਨ੍ਹਾਂ ਕਿਹਾ ਕਿ ਰਾਏਕੋਟ ਵਿਚ ਵਿਕਾਸ ਦੇ ਨਾਂ ’ਤੇ ਵੱਡੇ ਘਪਲੇ ਕੀਤੇ ਗਏ ਹਨ।