ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਮਈ
ਲੌਕਡਾਊਨ ਕਾਰਨ ਚੱਲੀ ਆ ਰਹੀ ਆਰਥਿਕ ਤੰਗੀ ਨੂੰ ਬਰਦਾਸ਼ਤ ਨਾ ਕਰਦੇ ਹੋਏ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰਨ ਵਾਲੇ ਜਿਮ ਟ੍ਰੇਨਰ ਦੀ ਮੌਤ ਦਾ ਮਾਮਲਾ ਸਿਆਸੀ ਰੁਖ਼ ਲੈਂਦਾ ਜਾ ਰਿਹਾ ਹੈ। ਜਿਮ ਟ੍ਰੇਨਰਾਂ ਵੱਲੋਂ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਜਿਮ ਟ੍ਰੇਨਰ ਵਰਿੰਦਰ ਕੋਹਲੀ ਦੇ ਹੱਕ ’ਚ ਨਿੱਤਰੇ ਹਨ। ਜ਼ਿਲ੍ਹਾ ਅਕਾਲੀ ਦਲ ਦੇ ਯੂਥ ਪ੍ਰਧਾਨ ਗੁਰਦੀਪ ਗੋਸ਼ਾ ਤੇ ਸੀਨੀਅਰ ਅਕਾਲੀ ਆਗੂ ਵਿਜੈ ਦਾਵਨ ਬੁੱਧਵਾਰ ਨੂੰ ਆਪਣੇ ਸਾਥੀਆਂ ਨਾਲ ਵਰਿੰਦਰ ਕੋਹਲੀ ਦੇ ਘਰ ਦੁੱਖ ਦਾ ਪ੍ਰਗਟਾਵਾ ਕਰਨ ਪੁੱਜੇ। ਉਨ੍ਹਾਂ ਦੋਸ਼ ਲਾਇਆ ਕਿ ਵਰਿੰਦਰ ਕੋਹਲੀ ਦੀ ਮੌਤ ਲਈ ਜ਼ਿੰਮੇਵਾਰ ਪੰਜਾਬ ਸਰਕਾਰ ਹੈ। ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹੀ ਇੱਕ ਨੌਜਵਾਨ ਨੂੰ ਐਨਾ ਵੱਡਾ ਕਦਮ ਚੁੱਕਣਾ ਪਿਆ। ਗੋਸ਼ਾ ਨੇ ਕਿਹਾ ਕਿ ਜਿਮ ਬੰਦ ਕਰਨ ਦੇ ਫ਼ੈਸਲੇ ਨਾਲ ਜਿਮ ਮਾਲਕ ਤੇ ਕਰਮੀ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵਰਿੰਦਰ ਕੋਹਲੀ ਦੇ ਪਰਿਵਾਰ ਨੂੰ ਆਰਥਿਕ ਮਦਦ ਅਤੇ ਰੁਜ਼ਗਾਰ ਮੁਹੱਈਆ ਕਰਵਾਏ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਜਿਮ ਖੋਲ੍ਹਣੇ ਚਾਹੀਦੇ ਹਨ ਜਾਂ ਫਿਰ ਜਿਮ ਮਾਲਕਾਂ ਤੇ ਮੁਲਾਜ਼ਮਾਂ ਦੇ ਲਈ ਰਾਹਤ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਹੈ।