ਪੱਤਰ ਪ੍ਰੇਰਕ
ਜਗਰਾਉਂ, 28 ਅਪਰੈਲ
ਇਥੇ ‘ਗਰੀਨ ਪੰਜਾਬ ਮਿਸ਼ਨ’ ਟੀਮ ਵੱਲੋਂ ਪੌਣ ਪਾਣੀ ਨੂੰ ਸੰਭਾਲਣ ਲਈ ਅਰੰਭੇ ਯਤਨ ਲਗਾਤਾਰ ਜਾਰੀ ਹਨ। ਸ਼ਹਿਰ ਦੀਆਂ ਸਾਂਝੀਆਂ ਥਾਂਵਾ ਤਹਿਸੀਲ ਕੰਪਲੈਕਸ, ਬੱਸ ਟਰਮੀਨਲ, ਨਗਰ ਕੌਂਸਲ ਪਾਰਕਾਂ, ਹਸਪਤਾਲ, ਸਰਕਾਰੀ ਸਕੂਲਾਂ ਆਦਿ ਵਿੱਚ ਰਵਾਇਤੀ ਅਤੇ ਆਯੁਰਵੈਦ ਨਾਲ ਸਬੰਧਤ ਬੂਟਿਆਂ ਨੂੰ ਲੈਸ ਕਰਨ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾ (ਡਾਈਟ) ਦੇ ਵਿੱਚ 7 ਕਨਾਲ ਖਾਲੀ ਥਾਂ ’ਤੇ ਰਵਾਇਤੀ ਦਰੱਖਤਾਂ ਦਾ ਜੰਗਲ ਲਗਾਉਣ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਸੰਸਥਾ ਦੇ ਆਗੂ ਸਤਪਾਲ ਸਿੰਘ ਦੇਹੜਕਾ, ਪ੍ਰੋ. ਕਰਮ ਸਿੰਘ ਸੰਧੂ ਨੇ ਦੱਸਿਆ ਕਿ ਸੰਸਥਾਂ ਨੂੰ ਸ਼ਹਿਰ ’ਚੋਂ ਪੂਰਾ ਸਹਿਯੋਗ ਮਿਲ ਰਿਹਾ ਹੈ। ਡਾਈਟ ਦੇ ਵਿਦਿਆਰਥੀ ਅਤੇ ਅਧਿਆਪਕਾਂ ਨੇ ਟੀਮ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਟੀਮ ਦੇ ਆਗੂ ਸਤਪਾਲ ਦੇਹੜਕਾ ਨੇ ਦੱਸਿਆ ਕਿ ਸੰਸਥਾਂ ’ਚ ਲੱਗ ਰਹੇ ਜੰਗਲ ’ਚ 73 ਤਰ੍ਹਾਂ ਦੇ ਪੰਜਾਬ ਦੇ ਰਵਾਇਤੀ 4000 ਦਰੱਖ਼ਤ ਲਗਾਏ ਜਾਣਗੇ। ਧਰਤੀ ’ਚ ਤੂੜੀ, ਚੌਲਾਂ ਦੀ ਫੱਕ, ਰੂੜੀ ਵਾਲੀ ਖਾਦ ਆਦਿ ਪਾ ਕੇ ਜ਼ਮੀਨ ਤਿਆਰ ਕੀਤੀ ਜਾ ਚੁੱਕੀ ਹੈ।