ਸੰਤੋਖ ਗਿੱਲ
ਗੁਰੂਸਰ ਸੁਧਾਰ, 29 ਅਕਤੂਬਰ
ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਸੁਧਾਰ ਦੇ ਗਰੈਜੂਏਸ਼ਨ ਤੀਜਾ ਸਮੈਸਟਰ ਦੇ ਵਿਦਿਆਰਥੀ ਗੁਰਕਮਲ ਸਿੰਘ ਅਥਲੈਟਿਕਸ 200 ਮੀਟਰ ਅਤੇ 400 ਮੀਟਰ ਜੂਨੀਅਰ ਭਾਰਤੀ ਕੈਂਪ ਲਈ ਚੁਣੇ ਗਏ ਹਨ। ਦੇਸ਼ ਭਰ ਵਿਚੋਂ ਪਹਿਲਾਂ ਸੌ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਸੀ ਅਤੇ ਦੂਜੇ ਅਤੇ ਅੰਤਿਮ ਗੇੜ ਦੀ ਚੋਣ ਪ੍ਰਕਿਰਿਆ ਦੌਰਾਨ ਗੁਰਕਮਲ ਸਿੰਘ ਵੀ ਜੂਨੀਅਰ ਭਾਰਤੀ ਕੈਂਪ ਵਿਚ ਥਾਂ ਬਣਾਉਣ ਵਿਚ ਸਫਲ ਰਹੇ।
ਜ਼ਿਕਰਯੋਗ ਹੈ ਕਿ ਗੁਰਕਮਲ ਸਿੰਘ 2018-19 ਵਿੱਦਿਅਕ ਸੈਸ਼ਨ ਵਿਚ ਪੰਜਾਬ ਸਟੇਟ ਸਕੂਲ ਅਤੇ ਓਪਨ ਪੰਜਾਬ ਸਟੇਟ ਵਿਚੋਂ ਵੀ ਸੋਨ ਤਗਮਾ ਜਿੱਤ ਚੁੱਕਾ ਹੈ। ਗੁਰਕਮਲ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਕੋਚ ਬਲਕਾਰ ਸਿੰਘ ਅਤੇ ਜਗਵੀਰ ਸਿੰਘ ਸਿਰ ਬੰਨ੍ਹਿਆ ਹੈ। ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਮਨਜੀਤ ਸਿੰਘ ਗਿੱਲ ਅਤੇ ਕਾਲਜ ਪ੍ਰਿੰਸੀਪਲ ਜਸਵੰਤ ਸਿੰਘ ਗੁਰਾਇਆ ਨੇ ਹੋਣਹਾਰ ਵਿਦਿਆਰਥੀ ਨੂੰ ਮੁਬਾਰਕਬਾਦ ਦਿੱਤੀ।