ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 23 ਜੂਨ
ਇੱਥੇ ਦੁਸਹਿਰਾ ਮੈਦਾਨ ਤੋਂ ਲੈ ਕੇ ਇਤਿਹਾਸਕ ਗੁਰਦੁਆਰਾ ਗਨੀ ਖਾਂ ਨਬੀ ਖਾਂ ਅੱਗੋਂ ਗੁਜ਼ਰਦੀ ਇੰਟਰਲਾਕ ਟਾਈਲਾਂ ਨਾਲ ਬਣ ਰਹੀ ਸੜਕ ਦਾ ਨਿਰਮਾਣ ਤਕਨੀਕੀ ਰੇੜਕੇ ਕਾਰਨ ਅੱਧਵਾਟੇ ਰੁਕਿਆ ਪਿਆ ਹੈ ਜਿਸ ਕਾਰਨ ਸ਼ਰਧਾਲੂ ਤੇ ਦੁਕਾਨਦਾਰ ਪ੍ਰੇਸ਼ਾਨ ਹਨ।
ਜਾਣਕਾਰੀ ਅਨੁਸਾਰ ਪਿਛਲੀ ਸਰਕਾਰ ਵੱਲੋਂ ਇਸ ਸੜਕ ਦੇ ਨਿਰਮਾਣ ਲਈ 20 ਲੱਖ ਰੁਪਏ ਦੀ ਗ੍ਰਾਂਟ ਭੇਜੀ ਗਈ ਸੀ, ਪਰ ਹੁਣ ਜਦੋਂ ਠੇਕੇਦਾਰ ਨੇ ਨਿਰਮਾਣ ਸ਼ੁਰੂ ਕੀਤਾ ਤਾਂ ਟਾਈਲਾਂ ਦੀ ਮੋਟਾਈ ਨੂੰ ਲੈ ਕੇ ਤਕਨੀਕੀ ਰੇੜਕਾ ਖੜ੍ਹਾ ਹੋ ਗਿਆ ਕਿ ਇਸ ਸੜਕ ਤੋਂ ਭਾਰੀ ਵਾਹਨ ਲੰਘਦੇ ਹਨ ਜਿਨ੍ਹਾਂ ਦਾ ਭਾਰ ਨਵੀਂ ਬਣਨ ਵਾਲੀ ਸੜਕ ਨਹੀਂ ਚੁੱਕ ਸਕੇਗੀ।
ਗੁਰਦੁਆਰਾ ਗਨੀ ਖਾਂ ਨਬੀ ਖਾਂ ਦੇ ਅੱਗੋਂ ਲੰਘਦੀ ਸੜਕ ’ਤੇ ਬਣੀਆਂ ਦੁਕਾਨਾਂ ਅਤੇ ਇੱਥੋਂ ਦੇ ਵਸਨੀਕਾਂ ਦੀ ਵੀ ਅਲੱਗ-ਅਲੱਗ ਰਾਇ ਹੈ, ਜਿਨ੍ਹਾਂ ’ਚੋਂ ਕੁਝ ਨੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਤੱਕ ਪਹੁੰਚ ਕਰਕੇ ਦੱਸਿਆ ਕਿ ਜੋ ਟਾਈਲ ਲਗਾਈ ਜਾ ਰਹੀ ਹੈ, ਉਸਦੀ ਮੋਟਾਈ ਘੱਟ ਹੈ ਜਿਸ ਨਾਲ ਸੜਕ ਨਿਰਮਾਣ ਦਾ ਕੋਈ ਲਾਭ ਨਹੀਂ ਹੋਣਾ ਜਿਸ ’ਤੇ ਵਿਧਾਇਕ ਨੇ ਨਗਰ ਕੌਂਸਲ ਅਧਿਕਾਰੀਆਂ ਨੂੰ ਕਹਿ ਕੇ ਸੜਕ ਦਾ ਨਿਰਮਾਣ ਕਾਰਜ ਰੁਕਵਾ ਦਿੱਤਾ। ਦੂਸਰੇ ਪਾਸੇ ਜ਼ਿਆਦਾਤਰ ਦੁਕਾਨਦਾਰਾਂ ਵੱਲੋਂ ਨਗਰ ਕੌਂਸਲ ਮਾਛੀਵਾੜਾ ਨੂੰ ਇੱਕ ਲਿਖਤੀ ਪੱਤਰ ਦਿੱਤਾ ਗਿਆ ਕਿ ਸੜਕ ਦਾ ਕੰਮ ਅੱਧਵਾਟੇ ਰੁਕਣ ਕਾਰਨ ਉਨ੍ਹਾਂ ਦਾ ਵਪਾਰ ਪ੍ਰਭਾਵਿਤ ਹੋ ਰਿਹਾ ਹੈ ਅਤੇ ਗੁਰੂ ਘਰ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਮੁਸ਼ਕਿਲ ਖੜ੍ਹੀ ਹੋ ਰਹੀ ਹੈ, ਇਸ ਲਈ ਜਾਂ ਤਾਂ ਤੁਰੰਤ ਜੋ ਇੰਟਰਲਾਕ ਟਾਈਲ ਪਾਸ ਹੈ ਉਹ ਲਗਾ ਕੇ ਇਸ ਦਾ ਨਿਰਮਾਣ ਮੁਕੰਮਲ ਕੀਤਾ ਜਾਵੇ ਜਾਂ ਫਿਰ ਸੜਕ ’ਤੇ ਮਿੱਟੀ ਦੇ ਢੇਰ ਲਗਾ ਜੋ ਟਾਈਲਾਂ ਲਾਈਆਂ ਗਈਆਂ ਹਨ, ਉਹ ਹਟਾ ਦਿੱਤੀਆਂ ਜਾਣ। ਨਗਰ ਕੌਂਸਲ ਦੇ ਪ੍ਰਧਾਨ ਸੁਰਿੰਦਰ ਕੁੰਦਰਾ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਇੰਜਨੀਅਰ ਵਿਭਾਗ ਵੱਲੋਂ ਸੜਕ ਨੂੰ ਦੇਖ ਕੇ ਹੀ ਇਸ ਉੱਪਰ ਇੰਟਰਲਾਕ ਟਾਈਲਾਂ ਲਾਉਣ ਦੀ ਤਕਨੀਕੀ ਪ੍ਰਵਾਨਗੀ ਦਿੱਤੀ ਹੈ ਅਤੇ ਆਸ-ਪਾਸ ਦੇ ਦੁਕਾਨਦਾਰਾਂ ਨੇ ਪੱਤਰ ਦੇ ਕੇ ਜਲਦ ਸੜਕ ਤੁਰੰਤ ਮੁਕੰਮਲ ਕਰਵਾਉਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੜਕ ਦਾ ਕੰਮ ਤੁਰੰਤ ਮੁਕੰਮਲ ਨਾ ਹੋਇਆ ਤਾਂ ਕਾਂਗਰਸ ਸਰਕਾਰ ਮੌਕੇ ਵਿਕਾਸ ਲਈ ਆਈ ਗ੍ਰਾਂਟ ਬਾਕੀ ਗ੍ਰਾਂਟਾਂ ਵਾਂਗ ਸਰਕਾਰ ਵਾਪਸ ਮੰਗਵਾ ਲਵੇਗੀ ਜਿਸ ਕਾਰਨ ਸ਼ਹਿਰ ਦਾ ਆਰਥਿਕ ਨੁਕਸਾਨ ਹੋਵੇਗਾ।