ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 23 ਅਪਰੈਲ
ਪਿੰਡ ਮਲਕ ਦੇ ਗੁਰਦੁਆਰਾ ਡੇਰਾ ਸਾਹਿਬ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ’ਤੇ ਇਤਰਾਜ਼ ਵਜੋਂ ਦਿੱਤਾ ਧਰਨਾ ਅੱਜ ਹਫ਼ਤੇ ਬਾਅਦ ਵੀ ਜਾਰੀ ਹੈ। ਸੱਤ ਦਿਨ ਪਹਿਲਾਂ ਦੋ ਅੰਮ੍ਰਿਤਧਾਰੀ ਸਿੰਘਾਂ ਤਰਲੋਕ ਸਿੰਘ ਖਾਲਸਾ ਅਤੇ ਉਂਕਾਰ ਸਿੰਘ ਨੇ ਇਹ ਧਰਨਾ ਸ਼ੁਰੂ ਕੀਤਾ ਸੀ। ਪੰਜ ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਧਰਨਾਕਾਰੀਆਂ ਕੋਲ ਗੱਲਬਾਤ ਲਈ ਪਹੁੰਚੇ ਸਨ। ਉਨ੍ਹਾਂ ਮਸਲਾ ਸੁਲਝਾਉਣ ਲਈ ਇਕ ਕਮੇਟੀ ਬਣਾਈ ਸੀ ਜੋ ਹਾਲੇ ਤੱਕ ਮਸਲੇ ਦਾ ਹੱਲ ਕਰਨ ’ਚ ਸਫ਼ਲ ਨਹੀਂ ਹੋਈ ਹੈ। ਧਰਨੇ ’ਤੇ ਬੈਠੇ ਦੋ ਸਿੰਘਾਂ ਨੂੰ ਅੱਜ ਕੁਝ ਹੋਰਨਾਂ ਨੌਜਵਾਨਾਂ ਦਾ ਵੀ ਸਾਥ ਮਿਲਿਆ। ਧਰਨਾਕਾਰੀਆਂ ਨੇ ਕਿਹਾ ਕਿ ਨਿਯਮਾਂ ਅਨੁਸਾਰ ਕਮੇਟੀ ਅੰਮ੍ਰਿਤਧਾਰੀ ਹੋਣੀ ਚਾਹੀਦੀ ਹੈ। ਚੁਣੀ ਗਈ ਕਮੇਟੀ ਅੰਮ੍ਰਿਤਪਾਨ ਕਰ ਲਏ, ਇਸ ਲਈ ਚਾਹੇ ਮਹੀਨਾ ਜਾਂ ਦੋ ਮਹੀਨੇ ਦਾ ਸਮਾਂ ਲੈ ਸਕਦੀ ਹੈ। ਇਸ ਭਰੋਸੇ ’ਤੇ ਉਹ ਧਰਨਾ ਚੁੱਕਣ ਲਈ ਤਿਆਰ ਹਨ।
ਭਾਈ ਗਰੇਵਾਲ ਨੇ ਦੱਸਿਆ ਕਿ ਮਸਲੇ ਦੇ ਹੱਲ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਸਰਬਜੀਤ ਸਿੰਘ, ਪ੍ਰਚਾਰਕ ਸਰਵਣ ਸਿੰਘ ਤੇ ਗੁਰਦੁਆਰੇ ਦੇ ਮੈਨੇਜਰ ਗੁਰਜੀਤ ਸਿੰਘ ’ਤੇ ਆਧਾਰਤ ਕਮੇਟੀ ਬਣਾਈ ਹੋਈ ਹੈ। ਚੁਣੀ ਗਈ ਕਮੇਟੀ ਨੇ ਪ੍ਰਧਾਨ ਇਕਬਾਲ ਸਿੰਘ ਰਾਏ ਨੇ ਵੀ ਸਮਝੌਤੇ ਦੀ ਗੱਲਬਾਤ ਚੱਲਦੀ ਹੋਣ ਦੀ ਗੱਲ ਆਖੀ ਹੈ।