ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 4 ਨਵੰਬਰ
ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਨੂੰ ਜਾਂਦੀ ਸੜਕ ਦਾ ਨਿਰਮਾਣ ਲੋਕ ਨਿਰਮਾਣ ਵਿਭਾਗ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਕਾਰਨ ਹੁਣ ਗੁਰੂ ਘਰ ਆਉਣ ਵਾਲੀ ਸੰਗਤ ਨੂੰ ਖਸਤਾ ਹਾਲਤ ਸੜਕ ਤੋਂ ਨਿਜ਼ਾਤ ਮਿਲ ਜਾਵੇਗੀ। ਨਗਰ ਕੌਂਸਲ ਮਾਛੀਵਾੜਾ ਦੇ ਪ੍ਰਧਾਨ ਸੁਰਿੰਦਰ ਕੁੰਦਰਾ ਨੇ ਦੱਸਿਆ ਕਿ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਚਰਨ ਕੰਵਲ ਸਾਹਿਬ ਚੌਂਕ ਤੋਂ ਗੁਰੂ ਘਰ ਨੂੰ ਜਾਂਦੀ ਸੜਕ ’ਤੇ ਪੱਥਰ ਪਾਉਣ ਤੋਂ ਬਾਅਦ ਪ੍ਰੀਮਿਕਸ ਵਿਛਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਜੋ ਕਿ 4 ਦਿਨਾਂ ’ਚ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦਸੰਬਰ ਮਹੀਨੇ ’ਚ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿੱਚ ਇਤਿਹਾਸਕ ਜੋੜ ਮੇਲ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਤਹਿਤ ਸੜਕ ਦਾ ਕੰਮ ਪਹਿਲਾਂ ਹੀ ਮੁਕੰਮਲ ਕਰਵਾਇਆ ਗਿਆ। ਪ੍ਰਧਾਨ ਕੁੰਦਰਾ ਨੇ ਦੱਸਿਆ ਕਿ ਗਨੀ ਖਾਂ ਨਬੀ ਖਾਂ ਸਾਹਿਬ ਗੇਟ ਤੋਂ ਲੈ ਕੇ ਚੱਕ ਲੋਹਟ ਨੂੰ ਜਾਂਦੀ ਸੜਕ ਦਾ ਟੈਂਡਰ ਹੋ ਚੁੱਕਾ ਹੈ ਪਰ ਕਰੋਨਾ ਤੇ ਕੁਝ ਤਕਨੀਕੀ ਕਾਰਨਾਂ ਕਰਕੇ ਇਹ 8 ਕਰੋੜ ਦਾ ਪ੍ਰਾਜੈਕਟ ਸ਼ੁਰੂ ਨਹੀਂ ਹੋ ਸਕਿਆ ਪਰ ਵਿਧਾਇਕ ਢਿੱਲੋਂ ਵਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਜਲਦ ਹੀ ਇਸ ਸੜਕ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ। ਇਸ ਮੌਕੇ ਅਕਾਲੀ ਆਗੂ ਮਨਜੀਤ ਸਿੰਘ ਮੱਕੜ, ਸੁਖਵਿੰਦਰ ਸਿੰਘ ਗਿੱਲ, ਮਾ. ਬਖ਼ਸੀ ਰਾਮ, ਕੇਵਲ ਸਿੰਘ ਹੇਡੋਂ ਵੀ ਮੌਜੂਦ ਸਨ।
ਸੜਕ ਮੁਰੰਮਤ ਲਈ ਐੱਸਡੀਐੱਮ ਨੂੰ ਮੰਗ ਪੱਤਰ
ਖੰਨਾ (ਜੋਗਿੰਦਰ ਸਿੰਘ ਓਬਰਾਏ): ਇੱਥੇ ਅੱਜ ਇਸ ਇਲਾਕੇ ਦੇ ਵੱਖ ਵੱਖ ਪਿੰਡਾਂ ਨਾਲ ਸਬੰਧਤ ਸਰਪੰਚਾਂ ਅਤੇ ਕਿਸਾਨਾਂ ਨੇ ਸਾਂਝੇ ਤੌਰ ਤੇ ਐੱਸਡੀਐੱਮ ਹਰਬੰਸ ਸਿੰਘ ਨੂੰ ਮੰਗ ਪੱਤਰ ਦੇ ਕੇ ਅਪੀਲ ਕੀਤੀ ਕਿ ਖੰਨਾ-ਅਮਲੋਹ ਸੜਕ ਦੇ ਚੱਲ ਰਹੇ ਨਿਰਮਾਣ ਨੂੰ ਜਲਦੀ ਮੁਕੰਮਲ ਕੀਤਾ ਜਾਵੇ।ਇਸ ਸਬੰਧੀ ਸਰਪੰਚ ਜਸਪਾਲ ਕੌਰ ਮੁੱਲਾਂਪੁਰ, ਜਸਪ੍ਰੀਤ ਸਿੰਘ ਜਰਗ, ਸਰਪੰਚ ਭਗਵਾਨ ਸਿੰਘ ਤੁਰਮਰੀ, ਟਹਿਲ ਸਿੰਘ ਅਤੇ ਜਸਵੰਤ ਸਿੰਘ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਖੰਨਾ-ਅਮਲੋਹ ਸੜਕ ਤੇ ਚੱਲ ਰਹੇ ਸੀਵਰੇਜ ਦੇ ਕੰਮ ਕਾਰਨ ਸੜਕ ਦੀ ਹਾਲਤ ਬੜੀ ਤਰਸਯੋਗ ਬਣੀ ਹੋਈ ਹੈ ਤੇ ਥਾਂ ਥਾਂ ਟੋਏ ਪਏ ਹੋਣ ਕਾਰਨ ਆਵਾਜਾਈ ਵਿਚ ਭਾਰੀ ਵਿਘਨ ਪੈਂਦਾ ਹੈ ਅਤੇ ਹੁਣ ਤੱਕ ਅਨੇਕਾਂ ਹਾਦਸੇ ਵੀ ਵਾਪਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸੇ ਸੜਕ ’ਤੇ ਇਕ ਸ਼ੂਗਰ ਮਿੱਲ ਵੀ ਹੈ, ਜਿੱਥੇ ਕਿਸਾਨਾਂ ਨੂੰ ਆਪਣੀ ਗੰਨੇ ਦੀ ਫ਼ਸਲ ਲਿਜਾਣ ਵਿਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਦਾ ਚੱਲ ਰਿਹਾ ਕੰਮ ਬਹੁਤ ਹੀ ਧੀਮੀ ਗਤੀ ਨਾਲ ਚੱਲਦਾ ਹੈ, ਇਸ ਨੂੰ ਪਹਿਲ ਦੇ ਅਧਾਰ ਤੇ ਜਲਦੀ ਠੀਕ ਕਰਕੇ ਟ੍ਰੈਫ਼ਿਕ ਨੂੰ ਨਿਰਵਿਘਨ ਚਲਾਇਆ ਜਾਵੇ। ਇਸ ਮੌਕੇ ਐੱਸਡੀਐੱਮ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਇਸ ਪਾਸੇ ਵੱਲ ਤੁਰੰਤ ਧਿਆਨ ਦਿੱਤਾ ਜਾਵੇਗਾ। ਇਸ ਮੌਕੇ ਗੁਰਦਿਆਲ ਸਿੰਘ, ਹਰਦੀਪ ਸਿੰਘ, ਚਰਨਜੀਤ ਸਿੰਘ, ਰਾਜਵੀਰ ਸਿੰਘ, ਕੇਸਰ ਸਿੰਘ, ਜੋਗਾ ਸਿੰਘ, ਲਖਵੀਰ ਸਿੰਘ ਹਾਜ਼ਰ ਸਨ।