ਪੱਤਰ ਪ੍ਰੇਰਕ
ਮਾਛੀਵਾੜਾ, 1 ਸਤੰਬਰ
ਨੇੜਲੇ ਪਿੰਡ ਲੱਖੋਵਾਲ ਵਿੱਚ ਗ੍ਰਾਮ ਪੰਚਾਇਤ, ਛਿੰਜ ਕਮੇਟੀ ਲੱਖੋਵਾਲ ਕਲਾਂ ਤੇ ਲੱਖੋਵਾਲ ਖੁਰਦ ਵੱਲੋਂ ਸਾਂਝੇ ਰੂਪ ਵਿਚ ਐੱਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਗੁੱਗਾ ਜਾਹਰ ਪੀਰ ਦੀ ਯਾਦ ਵਿਚ 33ਵਾਂ ਸਾਲਾਨਾ ਦੰਗਲ ਕਰਵਾਇਆ ਗਿਆ। ਇਸ ਵਿਚ 150 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਜ਼ੌਹਰ ਦਿਖਾਏ। ਝੰਡੀ ਦੀ ਕੁਸ਼ਤੀ ਗੁਰਭੇਜ ਭੇਜਾ ਤੇ ਸੁਨੀਲ ਜ਼ੀਰਕਪੁਰ ਵਿਚਕਾਰ ਹੋਈ, ਲਗਪਗ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਗੁਰਭੇਜ ਭੇਜਾ ਨੇ ਸੁਨੀਲ ਨੂੰ ਚਿੱਤ ਕੀਤਾ। ਇਸ ਮੇਲੇ ਵਿਚ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਨਗਰ ਕੌਂਸਲ ਸਮਰਾਲਾ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼ਕਤੀ ਆਨੰਦ, ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਸਾਬਕਾ ਪ੍ਰਧਾਨ ਲਾਲਾ ਮੰਗਤ ਰਾਏ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਜੇਤੂ ਪਹਿਲਵਾਨਾਂ ਨੂੰ ਗੁਰਜੀਤ ਮਾਣਕੀ, ਦਰਬਾਰਾ ਸਿੰਘ, ਗੁਰਪ੍ਰੀਤ ਸਿੰਘ, ਜਸਪਾਲ ਕੌਰ ਵੱਲੋਂ ਭੇਟ ਕੀਤੀਆਂ ਸੋਨੇ ਦੀ ਮੁੰਦਰੀਆਂ ਤੇ ਪ੍ਰਬੰਧਕ ਕਮੇਟੀ ਵਲੋਂ ਨਕਦ ਰਾਸ਼ੀ ਦੇ ਸਨਮਾਨਿਤ ਕੀਤਾ। ਮੇਲੇ ਦੀ ਕੁਮੈਂਟਰੀ ਨਾਜ਼ਰ ਖੇੜੀ ਨੇ ਬਾਖੂਬੀ ਨਿਭਾਈ। ਅਖੀਰ ਵਿਚ ਪ੍ਰਧਾਨ ਮੋਹਣ ਸਿੰਘ ਲੱਖੋਵਾਲ ਨੇ ਪਹਿਲਵਾਨਾਂ, ਸਹਿਯੋਗੀਆਂ, ਮੁੱਖ ਮਹਿਮਾਨਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ।