ਖੇਤਰੀ ਪ੍ਰਤੀਨਿਧ
ਲੁਧਿਆਣਾ, 13 ਜੂਨ
ਸਨਅਤੀ ਸ਼ਹਿਰ ਵਿੱਚ ਦਿਨੋਂ-ਦਿਨ ਗਰਮੀ ਵਧ ਜਾਣ ਕਰਕੇ ਗਰੀਬਾਂ ਦੇ ਫਰਿੱਜ ਮੰਨੇ ਜਾਂਦੇ ਮਿੱਟੀ ਦੇ ਘੜਿਆਂ ਦੀ ਮੰਗ ਕਈ ਗੁਣਾਂ ਵਧ ਗਈ ਹੈ। ਅੱਜਕੱਲ੍ਹ ਲੁਧਿਆਣਾ ਦੇ ਬਾਜ਼ਾਰਾਂ ਵਿੱਚ ਦਿੱਖ ਪੱਖੋਂ ਸੋਹਣੇ ਦਿੱਖਣ ਵਾਲੇ ਗੁਜਰਾਤ ਦੇ ਘੜਿਆਂ ਦੀ ਮੰਗ ਜ਼ਿਆਦਾ ਹੈ ਜਦਕਿ ਪਾਣੀ ਠੰਢਾ ਰੱਖਣ ਲਈ ਰਾਜਸਥਾਨ ਦੇ ਘੜੇ ਵੱਧ ਚੰਗੇ ਮੰਨੇ ਜਾਂਦੇ ਹਨ। ਪੁਰਾਤਨ ਸਮੇਂ ਤੋਂ ਪਾਣੀ ਨੂੰ ਕੁਦਰਤੀ ਤੌਰ ’ਤੇ ਠੰਢਾ ਰੱਖਣ ਲਈ ਮਿੱਟੀ ਦੇ ਘੜਿਆ ਨੂੰ ਵਧੀਆ ਮੰਨਿਆਂ ਜਾਂਦਾ ਹੈ। ਹੁਣ ਇਸ ਕੰਮ ਲਈ ਭਾਵੇਂ ਲਗਭਗ ਹਰ ਘਰ ਵਿੱਚ ਫਰਿੱਜ ਆ ਗਏ ਹਨ ਪਰ ਗਰੀਬਾਂ ਵੱਲੋਂ ਅਜੇ ਵੀ ਮਿੱਟੀ ਦੇ ਘੜੇ ਪਾਣੀ ਠੰਢਾ ਰੱਖਣ ਲਈ ਵਰਤੇ ਜਾ ਰਹੇ ਹਨ। ਸਥਾਨਕ ਸ਼ਿੰਗਾਰ ਸਿਨੇਮਾ ਰੋਡ ’ਤੇ ਮਿੱਟੀ ਦੇ ਘੜੇ ਵੇਚਣ ਵਾਲੇ ਸਾਹਿਲ ਨਾਂ ਦੇ ਨੌਜਵਾਨ ਨੇ ਦੱਸਿਆ ਕਿ ਇਸ ਵਾਰ ਬਹੁਤੇ ਘੜੇ ਗੁਜਰਾਤ, ਰਾਜਸਥਾਨ, ਯੂਪੀ ਅਤੇ ਚੰਡੀਗੜ੍ਹ ਦੇ ਵਿਕ ਰਹੇ ਹਨ। ਗੁਜਰਾਤ ਦੇ ਘੜਿਆਂ ’ਤੇ ਸੁੰਦਰ ਫੁੱਲ-ਬੂਟੇ ਬਣਾਏ ਹੋਣ ਕਰਕੇ ਗਰੀਬਾਂ ਦੇ ਨਾਲ ਨਾਲ ਅਮੀਰਾਂ ਲਈ ਵੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਉਸ ਦਾ ਕਹਿਣਾ ਸੀ ਕਿ ਪਾਣੀ ਠੰਢਾ ਰੱਖਣ ਰਾਜਸਥਾਨ ਅਤੇ ਯੂਪੀ ਦੇ ਚਿੱਟੀ ਮਿੱਟੀ ਦੇ ਬਣੇ ਗੋਲ ਘੜੇ ਲੋਕਾਂ ਵੱਲੋਂ ਵੱਧ ਪਸੰਦ ਕੀਤੇ ਜਾਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਪਾਣੀ ਨੂੰ ਵੱਧ ਸਮੇਂ ਲਈ ਠੰਢਾ ਰੱਖਦੇ ਹਨ। ਸਾਹਿਲ ਨੇ ਦੱਸਿਆ ਕਿ ਉਨ੍ਹਾਂ ਕੋਲ ਲਿਟਰ ਤੋਂ ਡੇਢ ਲਿਟਰ ਦੀਆਂ ਮਿੱਟੀ ਦੀਆਂ ਬੋਤਲਾਂ ਤੋਂ ਇਲਾਵਾ 8, 10, 11 ਤੋਂ 20 ਲਿਟਰ ਤੱਕ ਦੇ ਘੜੇ ਹਨ।