ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਜੁਲਾਈ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਵੱਲੋਂ ਕਰਵਾਏ ਗਏ ‘ਸਜਾਵਟੀ ਮੱਛੀ ਮੇਲੇ’ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਬਤੌਰ ਮੁੱਖ ਮਹਿਮਾਨ ਮੇਲੇ ਦਾ ਉਦਘਾਟਨ ਕੀਤਾ। ਮੇਲੇ ਵਿੱਚ ਸਕੂਲੀ ਵਿਦਿਆਰਥੀਆਂ, ਇਸ ਪੇਸ਼ੇ ਦੇ ਵਪਾਰੀਆਂ, ਵਿਦਿਆਰਥੀਆਂ, ਆਮ ਜਨਤਾ ਅਤੇ ਅਧਿਆਪਕਾਂ ਨੇ ਭਰਵੀਂ ਹਾਜ਼ਰੀ ਲਗਵਾਈ। ਇਸ ਮੇਲੇ ਵਿੱਚ ਅੰਡਰ-ਗ੍ਰੈਜੂਏਟ ਡਿਗਰੀ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਮੱਛੀਆਂ ਪਾਲਣ ਵਾਲੇ ਐਕੁਏਰੀਅਮ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਫ਼ਿਸ਼ਰੀਜ਼ ਕਾਲਜ ਦੀ ਡੀਨ ਡਾ. ਮੀਰਾ ਡੀ ਆਂਸਲ ਨੇ ਦੱਸਿਆ ਕਿ ਇਸ ਮੇਲੇ ਦਾ ਉਦੇਸ਼ ਆਮ ਜਨਤਾ ਵਿੱਚ ਸਜਾਵਟੀ ਮੱਛੀਆਂ ਪ੍ਰਤੀ ਰੁਚੀ ਦਾ ਵਿਕਾਸ ਕਰਨਾ ਸੀ। ਮੇਲੇ ਵਿੱਚ ਸਜਾਵਟੀ ਮੱਛੀਆਂ ਤੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਐਕੁਏਰੀਅਮ ਖਰੀਦਣ ਸਬੰਧੀ ਲੋਕਾਂ ਵਿੱਚ ਉਤਸ਼ਾਹ ਵੇਖਿਆ ਗਿਆ। ਡਾ. ਵਨੀਤ ਇੰਦਰ ਕੌਰ ਨੇ ਦੱਸਿਆ ਕਿ ਇਹ ਮੇਲਾ ਭਾਰਤੀ ਖੇਤੀ ਖੋਜ ਪਰਿਸ਼ਦ ਦੀ ਪ੍ਰਯੋਗੀ ਸਿੱਖਿਆ ਪ੍ਰੋਗਰਾਮ ਲੜੀ ਅਧੀਨ ਕਰਵਾਇਆ ਗਿਆ ਸੀ ਜਿਸ ਦਾ ਮੰਤਵ ਵਿਦਿਆਰਥੀਆਂ ਨੂੰ ਉਦਯੋਗ ਅਤੇ ਮੰਡੀ ਦੀਆਂ ਲੋੜਾਂ ਅਨੁਸਾਰ ਸਿੱਖਿਅਤ ਕਰਨਾ ਸੀ। ਡਾ. ਸਚਿਨ ਖੈਰਨਾਰ ਅਤੇ ਡਾ. ਵਨੀਤ ਇੰਦਰ ਕੌਰ ਨੇ ਬਤੌਰ ਸੰਯੋਜਕ ਇਸ ਗਤੀਵਿਧੀ ਦਾ ਪ੍ਰਬੰਧ ਕੀਤਾ ਸੀ। ਕਾਲਜ ਵੱਲੋਂ ਮੇਲੇ ਦੌਰਾਨ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ। ਉਪ ਕੁਲਪਤੀ ਡਾ. ਇੰਦਰਜੀਤ ਨੇ ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਯੂਨੀਵਰਸਿਟੀ ਦੇ ਅਧਿਕਾਰੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੀ ਵੱਡੀ ਗਿਣਤੀ ਵਿਚ ਪਹੁੰਚ ਕੇ ਆਪਣੀ ਮੌਜੂਦਗੀ ਦਰਜ ਕੀਤੀ।