ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਜੁਲਾਈ
ਚੰਡੀਗੜ੍ਹ ਰੋਡ ਦੀ ਪ੍ਰੀਮੀਅਰ ਕਲੋਨੀ ਇਲਾਕੇ ’ਚ ਇੱਕ ਨਾਨੀ ਨੇ ਆਪਣੇ ਹੀ 8 ਸਾਲ ਦੇ ਦੋਹਤੇ ਨੂੰ ਸੰਗਲੀ ਨਾਲ ਬੰਨ੍ਹ ਕੇ ਉਸਦੀ ਇੰਨੀ ਕੁੱਟਮਾਰ ਕੀਤੀ ਕਿ ਉਸਦੇ ਹੱਥ ਪੈਰ ਤੋੜ ਦਿੱਤੇ। ਪਤਾ ਲੱਗਣ ’ਤੇ ਗੁਰੂ ਨਾਨਕ ਨਾਮ ਲੇਵਾ ਸਰਵ ਸਾਂਝਾ ਚੈਰੀਟੇਬਲ ਟਰੱਸਟ ਦੀ ਚੇਅਰਮੈਨ ਬਲਵਿੰਦਰ ਕੌਰ ਪੁਲੀਸ ਨਾਲ ਮੌਕੇ ’ਤੇ ਪੁੱਜੀ ਅਤੇ ਬੱਚੇ ਨੂੰ ਛੁਡਵਾਇਆ। ਉਨ੍ਹਾਂ ਇਲਾਜ ਲਈ ਈਐੱਸਆਈ ਹਸਪਤਾਲ ’ਚ ਬੱਚੇ ਨੂੰ ਭਰਤੀ ਕਰਵਾਇਆ। ਈਸ਼ਰ ਕਲੋਨੀ ਦੀ ਚੌਕੀ ਪੁਲੀਸ ਨੇ ਨਾਨੀ ਦੇ ਸਾਥੀ ਨੂੰ ਕਾਬੂ ਕਰ ਲਿਆ। ਬੱਚੇ ਦੀ ਪਛਾਣ ਪ੍ਰੀਮੀਅਰ ਐਨਕਲੇਵ ਵਾਸੀ 8 ਸਾਲ ਦੇ ਅੰਸ਼ ਦੇ ਵੱਜੋਂ ਹੋਈ ਹੈ। ਟਰੱਸਟ ਦੀ ਚੇਅਰਮੈਨ ਬਲਵਿੰਦਰ ਕੌਰ ਨੇ ਦੱਸਿਆ ਕਿ ਸੂਚਨਾ ਮਿਲੀ ਕਿ ਇਲਾਕੇ ’ਚ ਇੱਕ ਔਰਤ ਦੇ ਕਿਸੇ ਵਿਅਕਤੀ ਦੇ ਨਾਲ ਝੁੱਗੀ ’ਚ ਰਹਿ ਰਹੀ ਹੈ ਤੇ ਔਰਤ ਨੇ ਖੇੇਤਾਂ ’ਚ ਕੰਮ ਕਰਵਾਉਣ ਲਈ ਦੋ ਬੱਚੇ ਰੱਖੇ ਹੋਏ ਹਨ। ਜੋ ਕਿ ਉਸਦੇ ਦੋਹਤਾ ਤੇ ਦੋਹਤੀ ਹਨ। ਜੇਕਰ ਉਹ ਕੰਮ ਨਹੀਂ ਕਰਦੇ ਤਾਂ ਉਹ ਔਰਤ ਦੋਹਾਂ ਬੱਚਿਆਂ ਨੂੰ ਸੰਗਲੀ ਨਾਲ ਬੰਨ੍ਹ ਕੇ ਉਨ੍ਹਾਂ ਦੀ ਕੁੱਟਮਾਰ ਕਰਦੀ ਹੈ। ਦੋ ਦਿਨ ਪਹਿਲਾਂ ਉਸ ਔਰਤ ਨੇ ਬੱਚੇ ਨੂੰ ਰੁੱਖ ਨਾਲ ਬੰਨ੍ਹ ਕੇ ਧੁੱਪੇ ਖੜ੍ਹਾ ਕੀਤਾ ਤੇ ਉਸਦੀ ਰਾਡ ਨਾਲ ਕੁੱਟਮਾਰ ਕੀਤੀ। ਜਦੋਂ ਬਲਵਿੰਦਰ ਕੌਰ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸਦੀ ਸ਼ਿਕਾਇਤ ਪੁਲੀਸ ਨੂੰ ਕੀਤੀ। ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਬੱਚੇ ਦੀ ਇੱਕ ਬਾਂਹ ਤੇ ਇੱਕ ਲੱਤ ਟੁੱਟੀ ਹੋਈ ਸੀ, ਜਦੋਂ ਕਿ ਔਰਤ ਬੱਚੀ ਨੂੰ ਲੈ ਕੇ ਫ਼ਰਾਰ ਹੋ ਗਈ। ਥਾਣਾ ਫੋਕਲ ਪੁਆਇੰਟ ਦੇ ਮੁਹੰਮਦ ਜ਼ਮੀਲ ਨੇ ਦੱਸਿਆ ਕਿ ਮੁਲਜ਼ਮ ਔਰਤ ਦੀ ਭਾਲ ਕੀਤੀ ਜਾ ਰਹੀ ਹੈ।