ਪੱਤਰ ਪ੍ਰੇਰਕ
ਰਾਏਕੋਟ, 5 ਫਰਵਰੀ
ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਦਿਨ ਸੂਬੇ ’ਚ ਪਏ ਬੇਮੌਸਮੇ ਮੀਂਹ ਕਾਰਨ ਸਬਜ਼ੀਆਂ ਦੀ ਫ਼ਸਲ ਵੱਡੇ ਪੱਧਰ ਉੱਤੇ ਤਬਾਹ ਹੋਈ ਹੈ ਜਿਸ ਦਾ ਸਰਕਾਰ ਨੂੰ ਜਲਦ ਮੁਆਇਨਾ ਕਰ ਕੇ ਮੁਆਵਜ਼ਾ ਦੇਣਾ ਚਾਹੀਦਾ ਹੈ। ਉਹ ਅੱਜ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਕਾਂਗਰਸੀ ਉਮੀਦਵਾਰ ਕਾਮਿਲ ਅਮਰ ਸਿੰਘ ਦੇ ਹੱਕ ’ਚ ਪਿੰਡ ਧੂਰਕੋਟ ਅਤੇ ਪਿੰਡ ਬੋਪਾਰਾਏ ਖੁਰਦ ਵਿਚ ਚੋਣ ਪ੍ਰਚਾਰ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਮੀਂਹ ਕਾਰਨ ਸਬਜ਼ੀ ਕਾਸ਼ਤਕਾਰ ਵੱਡੇ ਕਰਜ਼ ਥੱਲੇ ਆ ਗਏ ਹਨ ਉਨ੍ਹਾਂ ਦੀ ਸਾਰੀ ਦੀ ਸਾਰੀ ਫ਼ਸਲ ਲਗਭਗ ਤਬਾਹ ਹੋ ਗਈ ਹੈ। ਠੇਕੇ ਉਤੇ ਜ਼ਮੀਨਾਂ ਲੈ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਕਿਸਾਨ ਪਰਿਵਾਰ ਇਸ ਵੱਡੀ ਕੁਦਰਤੀ ਕਰੋਪੀ ਨੂੰ ਨਹੀਂ ਝੱਲ ਸਕਣਗੇ। ਇਸ ਲਈ ਖ਼ਰਾਬ ਹੋਈ ਫ਼ਸਲ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਸਰਕਾਰ ਕਾਸਤਕਾਰਾਂ ਨੂੰ ਮੁਆਵਜ਼ਾ ਦੇਵੇ। ਇਸ ਦੇ ਨਾਲ ਹੀ ਉਨ੍ਹਾਂ ਹਲਕਾ ਰਾਏਕੋਟ ਦੇ ਲੋਕਾਂ ਨੂੰ ਕਾਂਗਰਸੀ ਉਮੀਦਵਾਰ ਕਾਮਿਲ ਅਮਰ ਸਿੰਘ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਉਨ੍ਹਾਂ ਨਾਲ ਜਗਪ੍ਰੀਤ ਸਿੰਘ ਬੁੱਟਰ, ਕਮਲਪ੍ਰੀਤ ਸਿੰਘ ਬੁੱਟਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਭਦੀਪ ਸਿੰਘ ਨਾਰੰਗਵਾਲ, ਕੌਂਸਲਰ ਗੁਰਜੰਟ ਸਿੰਘ, ਕੌਂਸਲਰ ਬਲਜਿੰਦਰ ਸਿੰਘ ਰਿੰਪਾ, ਸਰਪੰਚ ਮੇਜਰ ਸਿੰਘ ਧੂਰਕੋਟ, ਪੰਚ ਨਜ਼ੀਰ ਖਾਂ, ਸਾਬਕਾ ਸਰਪੰਚ ਪਿਆਰਾ ਸਿੰਘ ਆਦਿ ਮੌਜੂਦ ਸਨ।