ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਅਪਰੈਲ
ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਹਰ ਸਾਲ ਸਰਕਾਰ ਵੱਲੋਂ ਮੁਫ਼ਤ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ ਪਰ ਇਸ ਵਾਰ ਦਾ ਸੈਸ਼ਨ ਸ਼ੁਰੂ ਹੋਣ ’ਤੇ ਵੀ ਅਜੇ ਤੱਕ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ 25 ਵਿੱਚੋਂ ਸਿਰਫ 5 ਵਿਸ਼ਿਆਂ ਦੀਆਂ ਕਿਤਾਬਾਂ ਹੀ ਮਿਲੀਆਂ ਹਨ। ਸਰਕਾਰੀ ਸਕੂਲਾਂ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੱਚਿਆਂ ਨੂੰ ਪੂਰੀਆਂ ਕਿਤਾਬਾਂ ਪ੍ਰਾਪਤ ਨਹੀਂ ਹੋਈਆਂ। ਹਰ ਸਕੂਲ ਤੋਂ ਫਰਵਰੀ/ਮਾਰਚ ਮਹੀਨੇ ਹੀ ਲੋੜੀਂਦੀਆਂ ਕਿਤਾਬਾਂ ਦੀ ਗਿਣਤੀ ਵਾਲੀ ਸੂਚੀ ਮੰਗਵਾ ਲਈ ਗਈ ਸੀ ਪਰ ਅਜੇ ਤੱਕ ਕਿਤਾਬਾਂ ਨਹੀਂ ਮਿਲੀਆਂ। ਸੂਤਰਾਂ ਅਨੁਸਾਰ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਕੁੱਲ 25 ਵਿਸ਼ੇ ਬਣਦੇ ਹਨ ਅਤੇ ਇਨ੍ਹਾਂ ਵਿੱਚੋਂ ਅਜੇ ਤੱਕ ਸਿਰਫ 5 ਵਿਸ਼ਿਆਂ ਦੀਆਂ ਹੀ ਕਿਤਾਬਾਂ ਸਕੂਲਾਂ ਵਿੱਚ ਪਹੁੰਚੀਆਂ ਹਨ। ਇਨ੍ਹਾਂ ’ਚ ਦੂਜੀ ਜਮਾਤ ਦੀ ਸਵਾਗਤ ਜ਼ਿੰਦਗੀ, ਤੀਜੀ ਜਮਾਤ ਦਾ ਗਣਿਤ, ਚੌਥੀ ਜਮਾਤ ਦੀ ਹਿੰਦੀ, ਪੰਜਵੀਂ ਜਮਾਤ ਦਾ ਗਣਿਤ, ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਆਦਿ ਦੀਆਂ ਹੀ ਕਿਤਾਬਾਂ ਆਈਆਂ ਹਨ।
ਕਈ ਅਧਿਕਾਰੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪਿਛਲੇ 5-7 ਸਾਲਾਂ ਤੋਂ ਟੁੱਟਵੀਆਂ ਕਿਤਾਬਾਂ ਆਉਂਦੀਆਂ ਹਨ, ਜਿਸ ਕਰਕੇ ਸਬੰਧਤ ਸਕੂਲਾਂ ਦੇ ਅਧਿਆਪਕਾਂ ਨੂੰ ਵਾਰ-ਵਾਰ ਗੇੜੇ ਮਾਰਨੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਕਿਤਾਬਾਂ ਪੰਜਾਬੀ ਭਵਨ ਸਥਿਤ ਖੇਤਰੀ ਦਫ਼ਤਰ ਤੋਂ ਬਲਾਕ ਪੱਧਰ ’ਤੇ ਅਤੇ ਉਥੋਂ ਸੈਂਟਰ ਸਕੂਲਾਂ ਵਿੱਚ ਆਉਂਦੀਆਂ ਸਨ, ਜਿੱਥੋਂ ਸਬੰਧਤ ਸਕੂਲਾਂ ਨੂੰ ਭੇਜੀਆਂ ਜਾਂਦੀਆਂ ਸਨ ਪਰ ਹੁਣ ਇਹ ਕਿਤਾਬਾਂ ਬਲਾਕ ਪੱਧਰ ’ਤੇ ਹੀ ਭੇਜੀਆਂ ਜਾ ਰਹੀਆਂ ਹਨ ਅਤੇ ਸਕੂਲ ਨੂੰ ਉਥੋਂ ਹੀ ਕਿਤਾਬਾਂ ਲਿਆਉਣੀਆਂ ਪੈ ਰਹੀਆਂ ਹਨ। ਕਿਤਾਬਾਂ ਟੁੱਟਵੀਆਂ ਆਉਣ ਕਰਕੇ ਅਧਿਆਪਕਾਂ ਨੂੰ ਵਾਰ-ਵਾਰ ਗੇੜੇ ਲਗਾਉਣੇ ਪੈ ਰਹੇ ਹਨ ਅਤੇ ਇਸ ਦਾ ਖਰਚਾ ਵੀ ਉਨ੍ਹਾਂ ਨੂੰ ਆਪਣੀ ਜੇਬ ਵਿੱਚੋਂ ਖਰਚਣਾ ਪੈਂਦਾ ਹੈ। ਦੂਜੇ ਪਾਸੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਰਮਨਜੀਤ ਸਿੰਘ ਸੰਧੂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਸਹੂਲਤਾਂ ਨੂੰ ਵਧੀਆ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਕਿਤਾਬਾਂ ਨਾ ਮਿਲਣ ਕਰਕੇ ਪੜ੍ਹਾਈ ਖਰਾਬ ਹੋ ਰਹੀ ਹੈ।
ਢੰਡਾਰੀ ਸੈਂਟਰ ਸਕੂਲ ਇੰਚਾਰਜ ਮਨਜੀਤ ਸਿੰਘ ਨੇ ਵੀ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਵਿੱਚ ਛੇ ਵਿਸ਼ਿਆਂ ਦੀਆਂ ਕਿਤਾਬਾਂ ਪਹੁੰਚੀਆਂ ਹਨ ਜਦਕਿ ਬਾਕੀ ਕਿਤਾਬਾਂ ਆਉਂਦੇ ਦਿਨਾਂ ਵਿੱਚ ਪਹੁੰਚ ਜਾਣਗੀਆਂ।
ਇਸ ਸਬੰਧੀ ਖੇਤਰੀ ਦਫ਼ਤਰ ਦੇ ਮੈਨੇਜਰ ਤਰਲੋਚਨ ਸਿੰਘ ਨਾਲ ਕਈ ਵਾਰ ਉਨ੍ਹਾਂ ਦੇ ਫੋਨ ’ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।