ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਜੂਨ
ਗਰਮੀਆਂ ਦੀਆਂ ਇੱਕ ਮਹੀਨੇ ਦੀਆਂ ਛੁੱਟੀਆਂ ਤੋਂ ਬਾਅਦ ਭਲਕੇ ਸ਼ੁੱਕਰਵਾਰ ਨੂੰ ਸ਼ਹਿਰ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀਆਂ ਰੌਣਕਾਂ ਮੁੜ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਜਾਣਕਾਰੀ ਮੁਤਾਬਕ ਪਹਿਲੀ ਜੁਲਾਈ ਨੂੰ ਸਾਰੇ ਸਰਕਾਰੀ ਸਕੂਲ ਖੁੱਲ੍ਹ ਰਹੇ ਹਨ। ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਦੇ ਮੁਖੀ ਨਰਿੰਦਰ ਸਿੰਘ ਨੇ ਦੱਸਿਆ ਕਿ ਵੈਸੇ ਤਾਂ ਛੁੱਟੀਆਂ ਦੌਰਾਨ ਵੀ ਸਮਰ ਕੈਂਪ ਲਾਏ ਗਏ, ਸਫ਼ਾਈ ਮੁਹਿੰਮ ਚੱਲਦੀ ਰਹੀ ਪਰ ਅੱਜ ਇਨ੍ਹਾਂ ਤਿਆਰੀਆਂ ਨੂੰ ਮੁਕੰਮਲ ਕੀਤਾ ਗਿਆ। ਸਕੂਲ ਦੇ ਕਮਰਿਆਂ ਵਿੱਚ ਰੱਖਿਆ ਫਰਨੀਚਰ ਆਦਿ ਸਾਫ਼ ਕੀਤਾ ਗਿਆ ਸਰਕਾਰੀ ਪ੍ਰਾਇਮਰੀ ਸਕੂਲ ਉੱਚੀ ਮੰਗਲੀ ਦੇ ਮੁਖੀ ਜਗਜੀਤ ਸਿੰਘ ਨੇ ਕਿਹਾ ਕਿ ਪੂਰੇ ਇੱਕ ਮਹੀਨੇ ਬਾਅਦ ਸਕੂਲਾਂ ਵਿੱਚ ਰੌਣਕਾਂ ਪਰਤ ਰਹੀਆਂ ਹਨ। ਇਸ ਲਈ ਨਾ ਸਿਰਫ਼ ਵਿਦਿਆਰਥੀਆਂ ਵਿੱਚ ਸਗੋਂ ਅਧਿਆਪਕਾਂ ਵਿੱਚ ਵੀ ਚਾਅ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਵੀ ਸਕੂਲ ਵਿੱਚ ਸਾਰੀਆਂ ਤਿਆਰੀਆਂ ਪੂਰੀਆਂ ਕਰ ਲੈਣ ਦਾ ਦਾਅਵਾ ਕੀਤਾ।
ਸਰਕਾਰੀ ਪ੍ਰਾਇਮਰੀ ਸਕੂਲ ਮੋਤੀ ਨਗਰ ਦੇ ਮੁਖੀ ਸੁਖਧੀਰ ਸਿੰਘ ਸੇਖੋਂ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ਵਿੱਚ ਪੂਰੀਆਂ ਛੁੱਟੀਆਂ ਦੌਰਾਨ ਸਫਾਈ ਦਾ ਕੰਮ ਬਿਨਾਂ ਕੋਈ ਨਾਗਾ ਪਾਇਆਂ ਜਾਰੀ ਸੀ। ਗਰਮੀਆਂ ਦੀਆਂ ਛੁੱਟੀਆਂ ਕੱਟ ਕੇ ਆਉਣ ਵਾਲੇ ਬੱਚਿਆਂ ਦੇ ਸਵਾਗਤ ਲਈ ਸਮੂਹ ਅਧਿਆਪਕਾਂ ਨਾਲ ਮੀਟਿੰਗ ਵੀ ਕੀਤੀ ਗਈ।