ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 15 ਨਵੰਬਰ
ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਨੇ ਆਮ ਆਦਮੀ ਪਾਰਟੀ ਵੱਲੋਂ ਮੁੜ ਜਗਰਾਉਂ ਤੋਂ ਟਿਕਟ ਦੇਣ ਦਾ ਐਲਾਨ ਕਰਨ ਤੋਂ ਬਾਅਦ ਆਪਣੀ ਸਿਆਸੀ ਸਰਗਰਮੀ ਤੇਜ਼ ਕਰ ਦਿੱਤੀ ਹੈ। ਉਨ੍ਹਾਂ ਅੱਜ ਇਲਾਕੇ ਦੀਆਂ ਪੇਂਡੂ ਮੰਡੀਆਂ ਦਾ ਦੌਰਾ ਕੀਤਾ। ਪਿੰਡ ਭੰਮੀਪੁਰਾ ਦੀ ਦਾਣਾ ਮੰਡੀ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਕਾਰ ਵੱਲੋਂ ਮੰਡੀਆਂ ਬੰਦ ਕਰਨ ਦਾ ਲਿਆ ਗਿਆ ਫ਼ੈਸਲਾ ਕਿਸਾਨ ਵਿਰੋਧੀ ਹੈ। ਪੰਜਾਬ ਭਰ ’ਚ ਰੌਲਾ ਪੈਣ ਤੋਂ ਬਾਅਦ ਸਰਕਾਰ ਨੇ ਪੈਂਤੜਾ ਬਦਲਦਿਆਂ ਪ੍ਰਮੁੱਖ ਮੰਡੀਆਂ ਖੁੱਲ੍ਹੀਆਂ ਰੱਖਣ ਦੀ ਗੱਲ ਆਖੀ ਹੈ। ਇਸ ਨਾਲ ਵੀ ਕਿਸਾਨਾਂ ਨੂੰ ਪ੍ਰੇਸ਼ਾਨੀ ਆਵੇਗੀ। ਬੀਬੀ ਮਾਣੂੰਕੇ ਨੇ ਕਿਹਾ ਕਿ ਜਦੋਂ ਕਿਸੇ ਟਰੱਕ ਵਿੱਚੋਂ ਥੋੜਾ ਜਿਹਾ ਮਾਲ ਘੱਟਦਾ ਹੈ ਜਾਂ ਕੋਈ ਬੋਰੀ ਗਲ ਜਾਂਦੀ ਹੈ ਤਾਂ ਇਸ ਦਾ ਖਰਚਾ ਵੀ ਲੇਬਰ ਸਿਰ ਮੜ੍ਹ ਦਿੱਤਾ ਜਾਂਦਾ ਹੈ। ਸਰਕਾਰ ਇਸ ਪਾਸੇ ਫੌਰੀ ਧਿਆਨ ਦੇਵੇ ਅਤੇ ਮਜ਼ਦੂਰੀ ਕਰ ਕੇ ਗੁਜ਼ਾਰਾ ਕਰ ਰਹੇ ਲੋਕਾਂ ਦੀ ਸੰਘੀ ਘੁੱਟਣ ਦੀ ਥਾਂ ਉਨ੍ਹਾਂ ਦੀ ਬਾਂਹ ਫੜੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਦਲੇ ਜਾਣ ਨਾਲ ਕਾਂਗਰਸ ਸਰਕਾਰ ਦੀ ਨੀਤੀ ’ਚ ਕੋਈ ਵੱਡਾ ਫਰਕ ਨਹੀਂ ਆਇਆ। ਚੋਣਾਂ ਕਰਕੇ ਚੰਨੀ ਸਰਕਾਰ ਵੱਡੇ ਐਲਾਨਾਂ ਰਾਹੀਂ ਜਨਤਾ ਦੀਆਂ ਅੱਖਾਂ ’ਚ ਘੱਟਾ ਪਾਉਣ ਦਾ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਅਕਾਲੀ ਦਲ ਦੇ ਆਗੂ ਵੀ ਕਿਸੇ ਨਾ ਕਿਸੇ ਤਰ੍ਹਾਂ ਸੱਤਾ ’ਤੇ ਕਾਬਜ਼ ਹੋਣ ਲਈ ਤਰਲੋਮੱਛੀ ਹਨ। ਇਸ ਮੌਕੇ ਸੁਖਵਿੰਦਰ ਸਿੰਘ ਸੁੱਖੀ, ਛਿੰਦਰਪਾਲ ਸਿੰਘ ਮੀਨੀਆ, ਸੁਰਿੰਦਰ ਸਿੰਘ ਭੰਮੀਪੁਰਾ, ਤਰਸੇਮ ਸਿੰਘ ਅਲੀਗੜ੍ਹ, ਸੋਹਣ ਸਿੰਘ ਹਾਜ਼ਰ ਸਨ।