ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਦਸੰਬਰ
ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਮੁਲਾਜ਼ਮ ਭਲਕੇ ਮੰਗਲਵਾਰ ਤੋਂ ਹੜਤਾਲ ’ਤੇ ਜਾ ਰਹੇ ਹਨ। ਇਸ ਦੀ ਜਾਣਕਾਰੀ ਪੰਜਾਬ ਰੋਡਵੇਜ਼, ਪਨਬਸ ਤੇ ਪੀਆਰਟੀਸੀ ਠੇਕੇਦਾਰ ਵਰਕਰ ਯੂਨੀਅਨ ਦੇ ਜੁਆਇੰਟ ਸਕੱਤਰ ਸਮਸ਼ੇਰ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਤੇ ਪੀਆਰਟੀਸੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਬਾਜ਼ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮੰਗਲਵਾਰ ਤੋਂ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਰਹਿਣਗੇ। ਇਸ ਦੌਰਾਨ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਲੰਮੇ ਸਮੇਂ ਤੋਂ ਵਾਅਦੇ ਅਨੁਸਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕਰ ਰਹੀ ਤੇ ਨਾ ਹੀ ਬੱਸਾਂ ’ਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ, ਪਰ ਕੋਈ ਹੱਲ ਨਹੀਂ ਹੋ ਰਿਹਾ, ਜਿਸ ਕਾਰਨ ਮਜਬੂਰਨ ਹੁਣ ਬੱਸਾਂ ਦਾ ਚੱਕਾ ਜਾਮ ਕਰਨਾ ਪੈ ਰਿਹਾ ਹੈ। ਲੁਧਿਆਣਾ ’ਚ 100 ਬੱਸਾਂ ਪਨਬਸ ਤੇ 120 ਬੱਸਾਂ ਪੀਆਰਟੀਸੀ ਦੀਆਂ ਹਨ, ਜਦੋਂ ਕਿ 500 ਦੇ ਜ਼ਿਆਦਾ ਮੁਲਾਜ਼ਮ ਇਸ ਹੜਤਾਲ ਦਾ ਹਿੱਸਾ ਬਣਨਗੇ।