ਫੱਲੇਵਾਲ ਨੇ ਦੂਜਾ ਸਥਾਨ ਹਾਸਲ ਕੀਤਾ; 50 ਸਾਲਾ ਦੌੜਾਂ ਵਿਚ ਪਰਮਜੀਤ ਪੰਮਾ ਅੱਵਲ
ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 6 ਸਤੰਬਰ
ਪਿੰਡ ਕੁੱਪ ਖੁਰਦ ਵਿਖੇ ਡਾ.ਬੀ.ਆਰ.ਅੰਬੇਡਕਰ ਕਲੱਬ ਦੇ ਨੌਜਵਾਨਾਂ ਵੱਲੋਂ ਕ੍ਰਿਕਟ ਟੂਰਨਾਮੈਂਟ (ਅੰਡਰ-25) ਕਰਵਾਇਆ ਗਿਆ। ਇਸ ਮੌਕੇ 18 ਸਾਲਾਂ ਦੀ ਉਮਰ ਤੱਕ ਦੇ ਬੱਚਿਆਂ ਤੇ 50 ਸਾਲਾਂ ਦੀ ਉਮਰ ਦੇ ਵਿਅਕਤੀਆਂ ਦੀਆਂ ਦੌੜਾਂ ਅਤੇ ਮੱਛੀ ਫੜਨ ਦਾ ਮੁਕਾਬਲਾ ਵੀ ਕਰਵਾਇਆ ਗਿਆ। ਕ੍ਰਿਕਟ ’ਚ ਪਿੰਡ ਗੋਸਲਾਂ ਜ਼ਿਲ੍ਹਾ ਲੁਧਿਆਣਾ ਦੀ ਟੀਮ ਨੇ ਪਹਿਲਾ ਤੇ ਪਿੰਡ ਫੱਲੇਵਾਲ ਜ਼ਿਲ੍ਹਾ ਮਾਲੇਰਕੋਟਲਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕਰਦਿਆਂ ਇਨਾਮੀ ਰਾਸ਼ੀ ਤੇ ਕੱਪ ਹਾਸਲ ਕੀਤਾ। ਖੇਡ ਮੁਕਾਬਲੇ ਦੌਰਾਨ ਹੈਰੀ ਗੋਸਲ ਨੂੰ ਬੈਸਟ ਬੈਟਸਮੈਨ ਤੇ ਤਰਨਾ ਫੱਲੇਵਾਲ ਬੈਸਟ ਬਾਲਰ ਅਤੇ ਰੂਬਲ ਗੋਸਲ ਨੂੰ ਮੈਨ ਆਫ ਦੀ ਸੀਰੀਜ਼ ਦੇ ਖਿਤਾਬ ਨਾਲ ਨਿਵਾਜਿਆ ਗਿਆ। 50 ਸਾਲਾ ਦੌੜ ਵਿਚ ਪਰਮਜੀਤ ਸਿੰਘ ਪੰਮਾ ਨੇ ਪਹਿਲਾ ਸਥਾਨ ਹਾਸਲ ਕੀਤਾ। ਖੇਡ ਮੇਲੇ ਦੌਰਾਨ ਪਿੰਡ ਦੇ ਉੱਦਮੀ ਨੌਜਵਾਨ ਨੈਸ਼ਨਲ ਅਥਲੀਟ ਅਮਰਿੰਦਰ ਸਿੰਘ ਔਲਖ, ਕੁਲਦੀਪ ਸਿੰਘ ਨੰਬਰਦਾਰ ਅਤੇ ਕ੍ਰਿਕਟ ਖਿਡਾਰੀ ਬਿੰਦੂ ਕੁੱਪ ਕਲਾਂ ਦਾ ਆਪਣੇ ਖੇਤਰ ਵਿਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨ ਕੀਤਾ ਗਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸਰਪੰਚ ਸੁਰਜੀਤ ਸਿੰਘ ਔਲਖ, ਸਰਬਜੀਤ ਸਿੰਘ ਔਲਖ, ਮਾ.ਹਰਦੀਪ ਸਿੰਘ, ਪ੍ਰਧਾਨ ਮਨਪ੍ਰੀਤ ਸਿੰਘ ਵੱਲੋਂ ਕੀਤੀ ਗਈ। ਖੇਡ ਮੇਲੇ ਦੌਰਾਨ ਹਲਕਾ ਇੰਚਾਰਜ ਪ੍ਰੋ ਜਸਵੰਤ ਸਿੰਘ ਗੱਜਣਮਾਜਰਾ, ਲਖਵੀਰ ਸਿੰਘ ਲੱਕੀ ਰਟੋਲ ਮਸਲ ਜ਼ੋਨ ਤੇ ਗੁਰਦੀਪ ਸਿੰਘ ਧੀਮਾਨ ਕੇ.ਐਸ.ਗਰੁੱਪ ਨੇ ਨੌਜਵਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਹਰਦੀਪ ਸਿੰਘ ਮਿੱਠੂ, ਜਸਪ੍ਰੀਤ ਸਿੰਘ, ਟੋਨੀ ਮੰਡੇਰ, ਰੀਡਰ ਲਖਵੀਰ ਸਿੰਘ, ਰਵਿੰਦਰ ਸਿੰਘ ਰੇਸ਼ਮ, ਜੱਸੀ ਸਿੰਘ, ਫਤਹਿ ਆਰਟਸ ਆਦਿ ਹਾਜ਼ਰ ਸਨ।
ਕੁੱਪ ਖੁਰਦ ਵਿੱਚ ਜੇਤੂ ਖਿਡਾਰੀ ਪ੍ਰਬੰਧਕਾਂ ਨਾਲ।