ਪੱਤਰ ਪ੍ਰੇਰਕ
ਸਮਰਾਲਾ, 31 ਅਕਤੂਬਰ
ਇੱਥੇ ਮੁੱਖ ਚੌਕ ਨੇੜੇ ਸਥਿਤ ਕਮਲ ਕੰਪਲੈਕਸ ’ਚ ਅੱਜ ਤੜਕੇ ਰੈਡੀਮੇਡ ਕੱਪੜੇ ਦੀ ਦੁਕਾਨ ’ਚੋਂ ਕਾਰ ਸਵਾਰ ਚੋਰ ਲੱਖਾਂ ਰੁਪਏ ਕੀਮਤ ਦੇ ਕੱਪੜੇ ਚੋਰੀ ਕਰ ਕੇ ਲੈ ਗਿਆ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਸੋਨੀ ਤਿਵਾੜੀ ਨੇ ਦੱਸਿਆ ਕਿ ਸਵੇਰੇ ਜਦੋਂ ਉਸ ਦਾ ਵਰਕਰ ਦੁਕਾਨ ਖੋਲ੍ਹਨ ਲਈ ਆਇਆ ਤਾਂ ਉਸ ਨੇ ਵੇਖਿਆ ਕਿ ਦੁਕਾਨ ਦੇ ਜਿੰਦਰੇ ਟੁੱਟੇ ਹੋਏ ਸਨ। ਉਸ ਨੇ ਜਦੋਂ ਸ਼ਟਰ ਚੁੱਕਿਆਂ ਤਾਂ ਅੰਦਰੋਂ ਲੱਖਾਂ ਰੁਪਏ ਦਾ ਰੈਡੀਮੇਡ ਕੱਪੜਾ ਗਾਇਬ ਸੀ। ਉਨ੍ਹਾਂ ਤੁਰੰਤ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਵੇਖਣ ’ਤੇ ਪਤਾ ਲੱਗਿਆ ਕਿ ਇਹ ਚੋਰੀ ਦੀ ਵਾਰਦਾਤ ਇੱਕ ਨੌਜਵਾਨ ਵੱਲੋਂ ਕੀਤੀ ਗਈ ਹੈ ਜੋ ਇੱਕ ਵਿੱਚ ਤੜਕੇ ਕਰੀਬ ਪੰਜ ਵਜੇ ਮਾਰਕੀਟ ਵਿੱਚ ਆਇਆ ਸੀ। ਦੁਕਾਨ ਮਾਲਕ ਨੇ ਦੱਸਿਆ ਕਿ ਚੌਕੀਦਾਰ ਦੇ ਜਾਣ ਤੋਂ ਕੁਝ ਮਿੰਟ ਬਾਅਦ ਹੀ ਇਹ ਚੋਰ ਆਇਆ ਅਤੇ 20-22 ਮਿੰਟ ਵਿੱਚ ਪੂਰੀ ਘਟਨਾ ਨੂੰ ਅੰਜਾਮ ਦਿੰਦਾ ਹੋਇਆ ਰੈਡੀਮੇਡ ਸ਼ਰਟਾਂ, ਪੈਂਟਾ ਅਤੇ ਹੋਰ ਸਾਮਾਨ ਆਪਣੀ ਕਾਰ ਵਿੱਚ ਭਰ ਕੇ ਲੈ ਗਿਆ। ਉਸ ਨੇ ਦੱਸਿਆ ਕਿ ਇਸ ਚੋਰੀ ਦੀ ਘਟਨਾ ’ਚ ਉਸ ਦਾ ਕਰੀਬ ਸੱਤ ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।
ਦੂਜੇ ਪਾਸੇ, ਮਾਮਲੇ ਵਿੱਚ ਕਾਰਵਾਈ ਲਈ ਜੁਟੀ ਪੁਲੀਸ ਨੇ ਬਾਰੀਕੀ ਨਾਲ ਜਾਂਚ ਆਰੰਭ ਦਿੱਤੀ ਹੈ। ਪੁਲੀਸ ਟੀਮ ਨੇ ਕਿਹਾ ਕਿ ਚੋਰ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।