ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 14 ਅਕਤੂਬਰ
ਵਿਦੇਸ਼ ਦੌਰਿਆਂ ਦੌਰਾਨ ਭਾਜਪਾ ਆਗੂਆਂ ਅਤੇ ਮੰਤਰੀਆਂ ਨੂੰ ਤਿੰਨੋਂ ਖੇਤੀ ਕਾਨੂੰਨਾਂ, ਸਾਲ ਤੋਂ ਚੱਲਦੇ ਕਿਸਾਨ ਸੰਘਰਸ਼ ਅਤੇ ਲਖੀਮਪੁਰ ਖੀਰੀ ਹਿੰਸਾ ਬਾਰੇ ਸਵਾਲ ਕਰਨੇ ਚੰਗੀ ਪਹਿਲ ਹੈ। ਵੱਖ-ਵੱਖ ਮੁਲਕਾਂ ਵਿਚ ਵੱਸਦੇ ਜਾਗਦੀ ਜਮੀਰ ਵਾਲੇ ਜਾਗਰੂਕ ਲੋਕ ਇਸ ਲਈ ਵਧਾਈ ਦੇ ਪਾਤਰ ਹਨ। ਇਸੇ ਲੜੀ ਵਿਚ ਅਮਰੀਕਾ ਦੌਰੇ ’ਤੇ ਗਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਜਦੋਂ ਲਖੀਮਪੁਰ ਖੀਰੀ ਹਿੰਸਾ ਅਤੇ ਕਿਸਾਨ ਅੰਦੋਲਨ ਬਾਰੇ ਸਵਾਲ ਕੀਤੇ ਗਏ ਤਾਂ ਉਹ ਲਾਜਵਾਬ ਹੋ ਗਏ। ਵਿੱਤ ਮੰਤਰੀ ਨੂੰ ਤਰਕ ਨਾਲ ਕੋਈ ਢੁੱਕਵਾਂ ਜਵਾਬ ਨਹੀਂ ਸੁੱਝਿਆ ਤਾਂ ਉਨ੍ਹਾਂ ਬੇਤੁਕੀ ਦਲੀਲ ਪੇਸ਼ ਕੀਤੀ। ਇਹ ਪ੍ਰਗਟਾਵਾ ਇੱਥੇ ਕਿਸਾਨ ਮੋਰਚੇ ਦੇ 379ਵੇਂ ਦਿਨ ਅੱਜ ਕਿਸਾਨ ਆਗੂਆਂ ਨੇ ਕੀਤਾ।
ਧਰਨੇ ’ਚ ਲੁਧਿਆਣਾ-ਮਾਲੇਰਕੋਟਲਾ ਰੋਡ ’ਤੇ ਕਿਸਾਨ ਧਰਨੇ ’ਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਕੁਲਦੀਪ ਸਿੰਘ ਛਪਾਰ ਦੇ ਵਿਛੋੜੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਕਿਸਾਨ ਆਗੂ ਦਰਸ਼ਨ ਸਿੰਘ ਗਾਲਬਿ, ਕੁਲਵਿੰਦਰ ਸਿੰਘ ਢੋਲਣ, ਸਾਬਕਾ ਅਧਿਆਪਕ ਆਗੂ ਹਰਬੰਸ ਲਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੂਰੇ ਦੇਸ਼ ’ਚ ਬੀਐੱਸਐੱਫ ਨੂੰ ਬੇਹੱਦ ਘਾਤਕ ਅਧਿਕਾਰ ਦੇ ਕੇ ਅਤੇ ਦੇਸ਼ ਨੂੰ ਸਿੱਧੇ ਕੇਂਦਰੀ ਕੰਟਰੋਲ ’ਚ ਕਰ ਲੈਣ ਦੀ ਤਾਨਾਸ਼ਾਹੀ ਲੋਕਾਂ ਦੇ ਜਮਹੂਰੀ ਹੱਕਾਂ ’ਤੇ ਡਾਕਾ ਹੈ। ਇਸ ਨੂੰ ਹਰ ਹਾਲ ਵਿਚ ਰੱਦ ਕਰਾਉਣ ਲਈ ਜਮਹੂਰੀਅਤ ਪਸੰਦਾਂ ਨੂੰ ਜੂਝਣਾ ਹੋਵੇਗਾ। ਧਰਮ ਸਿੰਘ ਸੂਜਾਪੁਰ ਨੇ ਦੱਸਿਆ ਕਿ ਮੋਰਚੇ ਦੇ ਫ਼ੈਸਲੇ ਮੁਤਾਬਕ ਹੁਣ ਹਕੂਮਤ ਦੇ ਪੁਤਲਾ 15 ਅਕਤੂਬਰ ਦੀ ਥਾਂ 16 ਅਕਤੂਬਰ ਨੂੰ ਫੂਕੇ ਜਾਣਗੇ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜੱਥੇਬੰਦੀਆਂ ਵੱਲੋਂ ਇੱਥੋਂ ਦੇ ਰੇਲਵੇ ਸਟੇਸ਼ਨ ਦੇ ਬਾਹਰ ਆਰੰਭਿਆ ਸੰਘਰਸ਼ 381ਵੇਂ ਦਿਨ ਕਿਸਾਨ-ਮਜ਼ਦੂਰ ਸੰਘਰਸ਼ ਐਸੋਸ਼ੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਲਗਾਤਾਰ ਜਾਰੀ ਹੈ। ਅੱਜ ਕਿਸਾਨਾਂ ਨੇ ਯੂ.ਪੀ ਦੇ ਲਖੀਮਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਜਪੁਜੀ ਸਾਹਿਬ ਤੇ ਆਨੰਦ ਸਾਹਿਬ ਦੇ ਪਾਠ ਉਪਰੰਤ ਸ਼ਰਧਾਂਜਲੀ ਭੇਟ ਕੀਤੀ। ਜਿਸ ਵਿਚ ਕਿਸਾਨਾਂ ਤੋਂ ਇਲਾਵਾ ਵੱਖ ਵੱਖ ਜੱਥੇਬੰਦੀਆਂ, ਮਜ਼ਦੂਰ ਅਤੇ ਆੜ੍ਹਤੀ ਭਾਈਚਾਰੇ ਨੇ ਹਿੱਸਾ ਲਿਆ।