ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਮਾਰਚ
‘ਆਪ’ ਦੇ ਨਵੇਂ ਵਿਧਾਇਕ ਸਹੁੰ ਚੁੱਕਣ ਤੋਂ ਪਹਿਲਾਂ ਹੀ ਐਕਸ਼ਨ ਮੂਡ ਵਿੱਚ ਹਨ। ਅੱਜ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਪਾਵਰਕੌਮ ਦੇ ਉੱਚ ਅਧਿਕਾਰੀਆਂ ਨੂੰ ਪੱਤਰਕਾਰ ਮਿਲਣੀ ਦੌਰਾਨ ਨਿਰਦੇਸ਼ ਜਾਰੀ ਕੀਤੇ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਜਿਹੜੇ ਖ਼ਪਤਕਾਰਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟੇ ਹੋਏ ਹਨ, ਉਨ੍ਹਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ।
ਵਿਧਾਇਕ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਖ਼ਪਤਾਕਾਰਾਂ ਦੇ ਬਕਾਇਆ ਬਿੱਲਾਂ ਨੂੰ ਆਸਾਨ ਕਿਸ਼ਤਾਂ ਵਿੱਚ ਵਸੂਲਿਆ ਜਾਵੇ। ਉਨ੍ਹਾਂ ਖ਼ਪਤਾਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰ ਨੂੰ ਸਹਿਯੋਗ ਦੇਣ ਅਤੇ ਤੁਰੰਤ ਆਪਣੇ ਸਬੰਧਿਤ ਬਿਜਲੀ ਦਫ਼ਤਰ ਵਿਚ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਲਈ ‘ਆਪ’ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਸੁਧਾਰ ਲਿਆਂਦਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਨਤਾ ਦੀ ਸਹੂਲਤ ਲਈ ਆਪਣੇ ਦਫ਼ਤਰਾਂ ਵਿੱਚ ਹੈਲਪ ਡੈਸਕ ਵੀ ਸਥਾਪਿਤ ਕਰਨ।
ਪੱਤਰਕਾਰ ਮਿਲਣੀ ਦੌਰਾਨ ਡਿਪਟੀ ਚੀਫ ਇੰਜਨੀਅਰ ਪ੍ਰਭਾਕਰ ਨੇ ਕਿਹਾ ਕਿ ਲਗਭਗ 23 ਹਜ਼ਾਰ ਦੇ ਕਰੀਬ ਸ਼ਹਿਰ ਵਿੱਚ ਘਰੇਲੂ ਅਤੇ ਕਮਰਸ਼ੀਅਲ ਕੁਨੈਕਸ਼ਨ ਬਿੱਲ ਜਮ੍ਹਾਂ ਨਾ ਕਰਵਾਏ ਜਾਣ ਕਰ ਕੇ ਕੱਟੇ ਗਏ ਹਨ। ਇਨ੍ਹਾਂ ਖ਼ਪਤਕਾਰਾਂ ਵੱਲ ਕਰੀਬ 160 ਤੋਂ 165 ਕਰੋੜ ਦੀ ਰਕਮ ਬਕਾਇਆ ਹੈ।
ਇਸ ਤੋਂ ਬਾਅਦ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸ਼ਹਿਰ ਵਿੱਚ ਥਾਂ-ਥਾਂ ਲੱਗੇ ਕੂੜੇ ਦੇ ਡੰਪ ਤੁਰੰਤ ਖ਼ਤਮ ਕੀਤੇ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਸਟਾਫ ਦੀ ਦਿਨ-ਰਾਤ ਸ਼ਿਫਟਾਂ ਵਿੱਚ ਡਿਊਟੀ ਲਗਾ ਕੇ ਅਣ-ਅਧਿਕਾਰਤ ਥਾਵਾਂ ’ਤੇ ਕੂੜਾ ਸੁੱਟਣ ਵਾਲਿਆਂ ’ਤੇ ਵੀ ਨਜ਼ਰ ਰੱਖੀ ਜਾਵੇ।
ਇਸ ਤੋਂ ਇਲਾਵਾ ਉਨ੍ਹਾਂ ਨਿਗਮ ਨੂੰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਲੱਗਣ ਵਾਲੀਆਂ ਸਬਜ਼ੀ ਮੰਡੀਆਂ ਵਿੱਚ ਸਰਗਰਮ ਨਾਜਾਇਜ਼ ਵਸੂਲੀ ਮਾਫੀਆਂ ’ਤੇ ਨਕੇਲ ਕੱਸਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਸਬਜ਼ੀ ਵਿਕਰੇਤਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਿਡਰ ਹੋ ਕੇ ਆਪਣਾ ਕੰਮ ਕਰਨ।
ਨਿਊ ਸ਼ਾਮ ਨਗਰ ਕੂੜਾ ਡੰਪ ਚੁਕਵਾਇਆ
ਨਿਊ ਸ਼ਾਮ ਨਗਰ ਕੂੜੇ ਦੇ ਡੰਪ ਤੋਂ ਪ੍ਰੇਸ਼ਾਨ ਲੋਕਾਂ ਨੇ ਵਿਧਾਇਕ ਗੋਗੀ ਨੂੰ ਫੋਨ ਕੀਤਾ। ਇਸ ਤੋਂ ਬਾਅਦ ਵਿਧਾਇਕ ਮੌਕੇ ’ਤੇ ਪੁੱਜੇ ਤੇ ਨਗਰ ਨਿਗਮ ਦੇ ਅਫ਼ਸਰਾਂ ਨੂੰ ਫੋਨ ਕਰ ਕੇ ਕੂੜੇ ਦੇ ਡੰਪ ਚੁਕਵਾਉਣ ਦੇ ਹੁਕਮ ਜਾਰੀ ਕੀਤੇ। ਵਿਧਾਇਕ ਗੋਗੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇੱਥੇ ਦੁਬਾਰਾ ਕੂੜਾ ਨਹੀਂ ਸੁੱਟਣ ਦਿੱਤਾ ਜਾਵੇਗਾ।