ਗਗਨਦੀਪ ਅਰੋੜਾ
ਲੁਧਿਆਣਾ, 8 ਅਪਰੈਲ
ਸ਼ਹਿਰ ਵਿੱਚ ਗ੍ਰੇਟਰ ਲੁਧਿਆਣਾ ਅਰਬਨ ਡਿਵੈਲਪਮੈਂਟ ਅਥਾਰਿਟੀ (ਗਲਾਡਾ) ਦੀ ਮਨਜ਼ੂਰੀ ਲਏ ਬਿਨਾ ਬਣ ਰਹੀਆਂ ਨਾਜਾਇਜ਼ ਕਲੋਨੀਆਂ ’ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਗਲਾਡਾ ਦੇ ਅਧਿਕਾਰੀਆਂ ਨੇ ਲਾਧੀਆਂ, ਚੂੜਪੁਰ ਤੇ ਸਾਊਥ ਸਿਟੀ ਵਿੱਚ ਇਨ੍ਹਾਂ ਪੰਜ ਨਾਜਾਇਜ਼ ਕਲੋਨੀਆਂ ’ਤੇ ਜੇਸੀਬੀ ਮਸ਼ੀਨ ਦੇ ਨਾਲ ਕਾਰਵਾਈ ਕੀਤੀ ਹੈ।
ਗਲਾਡਾ ਦੀ ਟੀਮ ਵਿੱਚ ਅਸਟੇਟ ਅਫ਼ਸਰ ਪ੍ਰੀਤਇੰਦਰ ਸਿੰਘ ਬੈਂਸ, ਐੱਸਡੀਓ ਹਰਸ਼ਮਿੰਦਰ ਸਿੰਘ, ਖੁਸ਼ਪ੍ਰੀਤ ਸਿੰਘ, ਪਰਮਿੰਦਰ ਸਿੰਘ, ਜੇਈ ਵੀਰਪਾਲ ਸਿੰਘ ਤੇ ਸਾਹਿਲ ਸ਼ਾਹੀ ਸ਼ਾਮਲ ਸਨ। ਅਸਟੇਟ ਅਫ਼ਸਰ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਕਲੋਨੀਆਂ ਨੂੰ ਪਹਿਲਾਂ ਨੋਟਿਸ ਦਿੱਤੇ ਗਏ ਸਨ ਪਰ ਜਦੋਂ ਕੋਈ ਜਵਾਬ ਨਹੀਂ ਆਇਆ ਤਾਂ ਅੱਜ ਗਲਾਡਾ ਦੀ ਟੀਮ ਨੇ ਕਾਰਵਾਈ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਅੱਜ ਤੜਕੇ ਸਵੇਰੇ ਲਾਧੀਆਂ ਵਿੱਚ ਨੰਦੀ, ਵੈਸ਼ਣਵੀਂ ਖੁਸ਼ੀ ਕਲੋਨੀ, ਚੂੜਪੁਰ ਵਿੱਚ ਸਰਪੰਚ ਕਲੋਨੀ ਤੇ ਸਾਊਥ ਸਿਟੀ ਵਿੱਚ ਆਸ਼ੀਰਵਾਦ ਕਲੋਨੀ ਵਿੱਚ ਕਾਰਵਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਤਹਿਸੀਲਦਾਰ ਨੂੰ ਲਿਖਤ ਵਿੱਚ ਦੇ ਦਿੱਤਾ ਹੈ ਕਿ ਬਿਨਾ ਐੱਨਓਸੀ ’ਤੇ ਇਨ੍ਹਾਂ ਕਲੋਨੀਆਂ ਦੇ ਪਲਾਟਾਂ ਦੀ ਰਜਿਸਟਰੀ ਨਾ ਕੀਤੀ ਜਾਵੇ।