ਦੇਵਿੰਦਰ ਸਿੰਘ ਜੱਗੀ
ਪਾਇਲ, 26 ਅਗਸਤ
ਪਿਛਲੇ ਦਿਨੀਂ ਪਿੰਡ ਬੇਰ ਕਲਾਂ ਵਿੱਚ ਮੂੰਹ ਖੁਰ ਦੀ ਬੀਮਾਰੀ ਨਾਲ ਮਰੇ ਹਜ਼ਾਰਾਂ ਪਸ਼ੂਆਂ ਦਾ ਮੁਆਵਜ਼ਾ ਅਤੇ ਇਲਾਜ ਕਰਵਾਉਣ ਤੇ ਕੀਤੇ ਖਰਚੇ ਦੀ ਭਰਪਾਈ ਕਰਵਾਉਣ ਲਈ ਐੱਸਡੀਐੱਮ ਪਾਇਲ ਦੇ ਦਫ਼ਤਰ ਅੱਗੇ ‘ਆਪ’ ਦੇ ਹਲਕਾ ਇੰਚਾਰਜ ਮਨਵਿੰਦਰ ਸਿੰਘ ਗਿਆਸਪੁਰਾ ਤੇ ਸਾਥੀਆਂ ਵੱਲੋਂ ਕੀਤੀ ਭੁੱਖ ਹੜਤਾਲ ਦੂਜੇ ਦਿਨ ਵਿੱਚ ਦਾਖ਼ਲ ਹੋਈ। ਗਿਆਸਪੁਰਾ ਨੇ ਕਿਹਾ ਕਿ ਸਰਕਾਰ ਦੀ ਅਣਗਹਿਲੀ ਕਾਰਨ ਅਤੇ ਘਟੀਆਂ ਮਿਆਰ ਦੀ ਦਵਾਈ ਲੱਗਣ ਕਾਰਨ ਕਿਸਾਨਾਂ-ਮਜ਼ਦੂਰਾਂ ਦੇ ਲੱਖਾਂ ਰੁਪਏ ਦੀ ਕੀਮਤ ਦੇ ਪਸ਼ੂਆਂ (ਗਾਵਾਂ-ਮੱਝਾਂ) ਮਰ ਚੁੱਕੇ ਹਨ ਪਰ ਸਰਕਾਰ ਨੇ ਕਿਸੇ ਦੀ ਬਾਂਹ ਨਹੀਂ ਫੜੀ। ਜਿਸ ਕਰਕੇ ਪ੍ਰਸ਼ਾਸਨ ਨੂੰ ਜਗਾਉਣ ਲਈ ਭੁੱਖ ਹੜਤਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੀ ਆਗੂ ਮੇਨਕਾ ਗਾਂਧੀ ਤੇ ਹੋਰ ਆਗੂ ਗਾਵਾਂ ਨੂੰ ਮਾਂ ਸਮਝਦੇ ਹਨ ਹੁਣ ਕਿੱਥੇ ਨੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੇਨਕਾ ਗਾਂਧੀ ਨੂੰ ਪੱਤਰ ਵੀ ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ 27 ਅਗਸਤ ਨੂੰ ਪਾਇਲ ਕਚਹਿਰੀ ਵਿੱਚ ਗਿਆਸਪੁਰਾ ਵੱਲੋਂ ਕੀਤੀ ਭੁੱਖ ਹੜਤਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਤੋਂ ਇਲਾਵਾ ਹੋਰ ‘ਆਪ’ ਆਗੂ ਪੁੱਜ ਰਹੇ ਹਨ।