ਦੇਵਿੰਦਰ ਸਿੰਘ ਜੱਗੀ
ਪਾਇਲ, 28 ਜਨਵਰੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਹਲਕਾ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਰਾਸ਼ਟਰੀ ਜਨਹਿੱਤ ਸੰਘਰਸ਼ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਸਿਰਥਲਾ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਆਮ ਆਦਮੀ ਪਾਰਟੀ ਦੇ ਉਮੀਦਵਾਰ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ‘ਆਪ’ ਪਾਰਟੀ ਦਾ ਮੁੱਖ ਮਕਸਦ ਚੋਣਾਂ ਜਿੱਤ ਕੇ ਲੋਕਾਂ ਨੂੰ ਭ੍ਰਿਸ਼ਟ ਸਰਕਾਰਾਂ ਤੋਂ ਛੁਟਕਾਰਾ ਦਿਵਾਉਣਾ, ਸਿੱਖਿਆ, ਸਿਹਤ ਸਹੂਲਤਾਂ, ਸਸਤੀ ਬਿਜਲੀ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦੇਣਾ ਹੈ। ਇਸ ਮੌਕੇ ਕੁਲਵੀਰ ਸਿੰਘ ਮੁਸਕਾਬਾਦ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਹਰ ਹਲਕੇ ਵਿੱਚ ‘ਆਪ’ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰੇਗਾ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਗਿਆਸਪੁਰਾ ਦੀ ਪਤਨੀ ਬੀਬੀ ਰਮਨਜੀਤ ਕੌਰ ਵੱਲੋਂ ਲੱਡੂ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਐਡਵੋਕੇਟ ਗੁਰਦਰਸ਼ਨ ਸਿੰਘ ਕੂਹਲੀ, ਇੰਦਰਪ੍ਰੀਤ ਸਿੰਘ ਮਾਂਗੇਵਾਲ, ਰਮਨ ਕੁਮਾਰ ਚਾਂਦੀ, ਬੂਟਾ ਸਿੰਘ ਰਾਣੋ, ਜੁਗਰਾਜ ਸਿੰਘ ਮਕਸੂਦੜਾ, ਚੰਦਨ ਮਾਨ, ਲਖਵੀਰ ਸਿੰਘ ਔਜਲਾ, ਟੋਨਾ ਦੋਰਾਹਾ,ਮਹਿਲਾ ਪ੍ਰਧਾਨ ਮਨਜੀਤ ਕੌਰ ਸੌਡਣ, ਸਰੂਪ ਸਿੰਘ ਪਾਇਲ ਵੀ ਹਾਜ਼ਰ ਸਨ।