ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 7 ਫਰਵਰੀ
ਸੰਯੁਕਤ ਸਮਾਜ ਮੋਰਚਾ ਦੇ ਹਲਕਾ ਸਮਰਾਲਾ ਤੋਂ ਉਮੀਦਵਾਰ ਬਲਬੀਰ ਸਿੰਘ ਰਾਜੇਵਾਲ ਵਲੋਂ ਅੱਜ ਮਾਛੀਵਾੜਾ ਬੇਟ ਖੇਤਰ ਦੇ ਕਰੀਬ 10 ਪਿੰਡਾਂ ਦਾ ਦੌਰਾ ਕਰ ਕੇ ਚੋਣ ਸਭਾਵਾਂ ਨੂੰ ਸੰਬੋਧਨ ਕੀਤਾ ਗਿਆ। ਰਾਜੇਵਾਲ ਵਲੋਂ ਅੱਜ ਲੱਖੋਵਾਲ, ਝੜੌਦੀ, ਉਧੋਵਾਲ ਕਲਾਂ, ਉਧੋਵਾਲ ਖੁਰਦ, ਰਹੀਮਾਬਾਦ ਕਲਾਂ, ਬੁੱਲੇਵਾਲ, ਰਹੀਮਾਬਾਦ ਖੁਰਦ, ਸਮਸ਼ਪੁਰ, ਚੱਕੀ, ਜਿਉਣਪੁਰਾ, ਮਾਣੇਵਾਲ, ਮਹੱਦੀਪੁਰ ਵਿਚ ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਰਾਲਾ ਹਲਕੇ ਤੋਂ ਵਿਰੋਧੀ ਸਿਆਸੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਵਲੋਂ ਆਪਣੇ ਉਮੀਦਵਾਰ ਪੈਰਾਸ਼ੂਟ ਰਾਹੀਂ ਉਤਾਰੇ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਉਮੀਦਵਾਰ ਰੁਪਿੰਦਰ ਸਿੰਘ ਰਾਜਾ ਗਿੱਲ ਜੋ ਕਿ ਮਰਹੂਮ ਕਰਮ ਸਿੰਘ ਗਿੱਲ ਦਾ ਪੁੱਤਰ ਹੈ ਜਿਸ ਨੇ ਆਪਣੇ ਕਾਰਜਕਾਲ ਦੌਰਾਨ ਸਮਰਾਲਾ ਤਹਿਸੀਲ ਨੂੰ ਤੋੜ ਕੇ ਖੰਨਾ ਤੇ ਖਮਾਣੋ ਤਹਿਸੀਲਾਂ ਅਲੱਗ ਕਰ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਰਾਜਾ ਗਿੱਲ ਪਤਾ ਨਹੀਂ ਕੀ-ਕੀ ਤੋੜ ਕੇ ਇਲਾਕੇ ਦਾ ਵਿਕਾਸ ਰੁਕਵਾਏਗਾ। ਉਨ੍ਹਾਂ ਬੇਟ ਦੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਪੰਜਾਬ ਜੋ ਬਰਬਾਦੀ ਦੇ ਕੰਢੇ ’ਤੇ ਖੜ੍ਹਾ ਹੈ, ਜੇ ਹੁਣ ਵੀ ਨਾ ਸਾਂਭਿਆ ਤਾਂ ਮੁੜ ਪੰਜਾਬ ਨੂੰ ਕਦੇ ਵੀ ਨਹੀਂ ਸਾਂਭਿਆ ਜਾ ਸਕੇਗਾ। ਸ੍ਰੀ ਰਾਜੇਵਾਲ ਨੇ ਕਿਹਾ ਕਿ ਬੇਸ਼ੱਕ ਲੋਕ ਬੇਟ ਇਲਾਕੇ ਨੂੰ ਪਛੜਿਆ ਕਹਿੰਦੇ ਹਨ ਪਰ ਹੁਣ ਇਨ੍ਹਾਂ ’ਚ ਜਾਗ੍ਰਿਤੀ ਆ ਗਈ ਹੈ ਜੋ ਕਿਸੇ ਸਿਆਸੀ ਪਾਰਟੀ ਨਾਲ ਬੱਝੇ ਨਹੀਂ ਹੋਏ ਬਲਕਿ ਯੋਗ ਉਮੀਦਵਾਰ ਨੂੰ ਵੋਟ ਪਾਉਂਦੇ ਹਨ।