ਡੀਪੀਐੱਸ ਬਤਰਾ
ਸਮਰਾਲਾ, 10 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਨੇ ਅੱਜ ਸਮਰਾਲਾ ਦੇ ਘੁਲਾਲ ਟੌਲ ਪਲਾਜ਼ਾ ’ਤੇ ਧਰਨਾ ਦਿੰਦੇ ਹੋਏ ਮੰਗ ਰੱਖੀ ਕਿ ਇਸ ਇਲਾਕੇ ਦੇ 38 ਪਿੰਡਾਂ ਨੂੰ ਤੁਰੰਤ ਟੌਲ ਫ਼ਰੀ ਕੀਤਾ ਜਾਵੇ, ਕਿਉਂਕਿ ਟੌਲ ਪਲਾਜ਼ਾ ਦੇ ਆਸ-ਪਾਸ ਦੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਆਪਣੇ ਰੋਜ਼ਮਰ੍ਹਾ ਦੇ ਕੰਮਕਾਜ ਸਮੇਤ ਖੇਤਾਂ ਤੱਕ ਜਾਣ ਲਈ ਦਿਨ ਵਿੱਚ ਕਈ-ਕਈ ਵਾਰ ਟੌਲ ਪਲਾਜ਼ਾ ਉੱਪਰੋਂ ਲੰਘਣਾ ਪੈਂਦਾ ਹੈ। ਇਸ ਮੌਕੇ ਯੂਨੀਅਨ ਆਗੂਆਂ ਨੇ ਨੈਸ਼ਨਲ ਹਾਈਵੇਅ ਅਥਾਰਟੀ ਖਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦੇ ਹੋਏ ਦੋਸ਼ ਲਗਾਇਆ ਕਿ ਕਾਨੂੰਨ ਮੁਤਾਬਕ ਪਹਿਲਾਂ ਹੀ ਇਹ ਸਾਰੇ ਪਿੰਡ ਟੌਲ ਫ਼ਰੀ ਹੋਣੇ ਚਾਹੀਦੇ ਸਨ, ਪ੍ਰੰਤੂ ਜਾਣਬੁੱਝ ਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਰੋਸ ਧਰਨੇ ਦੀ ਅਗਵਾਈ ਕਰਦੇ ਹੋਏ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ ਅਤੇ ਬਲਾਕ ਪ੍ਰਧਾਨ ਸੁਪਿੰਦਰ ਸਿੰਘ ਬੱਗਾ ਨੇ ਆਖਿਆ ਕਿ ਲੋਕਾਂ ਨਾਲ ਹੋ ਰਹੀ ਇਸ ਧੱਕੇਸ਼ਾਹੀ ਨੂੰ ਬੰਦ ਕਰਵਾਉਣ ਲਈ ਉਨ੍ਹਾਂ ਦੀ ਜਥੇਬੰਦੀ ਨੇ ਸੰਘਰਸ਼ ਆਰੰਭ ਦਿੱਤਾ ਹੈ ਅਤੇ ਜਦੋਂ ਤੱਕ ਟੌਲ ਪਲਾਜ਼ਾ ਦੇ ਨੇੜਲੇ 38 ਪਿੰਡ ਟੌਲ ਫ਼ਰੀ ਨਹੀਂ ਕੀਤੇ ਜਾਂਦੇ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਆਗੂਆਂ ਨੇ ਆਖਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ ਟੌਲ ਪਲਾਜ਼ਾ ਕੰਪਨੀਆਂ ਵੱਲੋਂ ਲੋਕਾਂ ਨਾਲ ਕੀਤੀ ਜਾਣ ਵਾਲੀ ਕਿਸੇ ਵੀ ਧੱਕੇਸ਼ਾਹੀ ਦਾ ਸਖ਼ਤ ਨੋਟਿਸ ਲਿਆ ਜਾ ਰਿਹਾ ਹੈ। ਪਹਿਲਾਂ ਵੀ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਕਰਕੇ ਟੌਲ ਪਲਾਜ਼ਿਆਂ ’ਤੇ ਪਰਚੀ ਦੇ ਰੇਟਾਂ ’ਚ ਵਾਧਾ ਕਰਕੇ ਲੋਕਾਂ ਦੀ ਲੁੱਟ ਕੀਤੇ ਜਾਣ ਦੀ ਕਾਰਵਾਈ ਬੰਦ ਕਰਵਾਈ ਹੈ ਅਤੇ ਹੁਣ ਵੀ ਕੋਈ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਦੌਰਾਨ ਧਰਨਾਕਾਰੀ ਕਿਸਾਨਾਂ ਨੇ ਟੌਲ ਪਲਾਜ਼ਾ ਅਧਿਕਾਰੀਆਂ ਨੂੰ ਟੋਲ ਫ਼ਰੀ ਕੀਤੇ ਜਾਣ ਵਾਲੇ 38 ਪਿੰਡਾਂ ਦੀ ਸੂਚੀ ਸੌਂਪਦੇ ਹੋਏ ਮੰਗ ਕੀਤੀ ਕਿ ਤੁਰੰਤ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਲਈ ਪਾਸ ਸਿਸਟਮ ਲਾਗੂ ਕੀਤਾ ਜਾਵੇ। ਧਰਨੇ ਵਿੱਚ ਗੁਰਦੀਪ ਸਿੰਘ ਬਰਮਾ, ਸੁਖਜੀਤ ਸਿੰਘ ਘੁਲਾਲ, ਟਹਿਲ ਸਿੰਘ, ਅਵਤਾਰ ਸਿੰਘ, ਪ੍ਰਗਟ ਸਿੰਘ, ਜਸਵੀਰ ਸਿੰਘ, ਐਡਵੋਕੇਟ ਰਮਨਦੀਪ ਸਿੰਘ, ਰਾਜਿੰਦਰ ਸਿੰਘ, ਸੁਖਦੇਵ ਸਿੰਘ, ਜਸਪ੍ਰੀਤ ਸਿੰਘ, ਗਗਨਦੀਪ ਸਿੰਘ ਮੌਜੂਦ ਸਨ।