ਗਗਨਦੀਪ ਅਰੋੜਾ
ਲੁਧਿਆਣਾ, 6 ਜੂਨ
ਘੱਲੂਘਾਰਾ ਦਿਵਸ ਮੌਕੇ ਲੁਧਿਆਣਾ ਪੁਲੀਸ ਨੇ ਪੂਰੇ ਸ਼ਹਿਰ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਕਿਸੇ ਤਰ੍ਹਾਂ ਦੀ ਕੋਈ ਅਣਹੋਣੀ ਨਾ ਵਾਪਰੇ, ਇਸ ਲਈ ਪੁਲੀਸ ਦੇ ਵੱਲੋਂ ਇੱਕ ਦਿਨ ਪਹਿਲਾਂ ਹੀ ਸਾਰੇ ਪ੍ਰਬੰਧ ਕਰ ਲਏ ਗਏ ਸਨ। ਸ਼ਹਿਰ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਬਾਹਰ ਪੁਲੀਸ ਦਾ ਸਖ਼ਤ ਪਹਿਰਾ ਰਿਹਾ। ਹਰ ਆਉਣ-ਜਾਣ ਵਾਲੇ ਸ਼ੱਕੀ ਵਿਅਕਤੀ ਦੀ ਚੈਕਿੰਗ ਹੋਈ। ਕਈ ਮੁੱਖ ਧਾਰਮਿਕ ਸਥਾਨਾਂ ਦੇ ਆਸ-ਪਾਸ ਪੁਲੀਸ ਮੁਲਾਜ਼ਮ ਬੈਰੀਕੇਡ ਲਾ ਕੇ ਬੈਠੇ ਦਿਖਾਈ ਦਿੱਤੇ। ਸਿਰਫ਼ ਤੇ ਸਿਰਫ਼ ਦੋ ਪਹੀਆ ਵਾਹਨ ਹੀ ਉੱਥੋਂ ਨਿਕਲਣ ਦਿੱਤੇ ਗਏ। ਚਾਰ ਪਹੀਆ ਵਾਹਨਾਂ ਨੂੰ ਦੂਜੇ ਰਸਤਿਓਂ ਭੇਜਿਆ ਗਿਆ। ਇਸ ਤੋਂ ਇਲਾਵਾ ਪੁਲੀਸ ਨੇ ਹਰ ਗਤੀਵਿਧੀ ’ਤੇ ਆਪਣੀ ਪੂਰੀ ਬਾਜ਼ ਅੱਖ ਰੱਖੀ ਹੋਈ ਹੈ।
ਘੱਲੂਘਾਰਾ ਦਿਵਸ ਮੌਕੇ ਹਿੰਦੂ ਤੇ ਸਿੱਖ ਜਥੇਬੰਦੀਆਂ ਵੱਲੋਂ ਸਮਾਗਮ ਕੀਤੇ ਜਾਂਦੇ ਹਨ। ਇਸ ਵਾਰ ਕੱਟੜਪੰਥੀਆਂ ਵੱਲੋਂ ਕਈ ਤਰ੍ਹਾਂ ਦੀਆਂ ਧਮਕੀਆਂ ਆਈਆਂ ਹੋਈਆਂ ਸਨ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆਂ ਅਜੇ ਦੋ ਮਹੀਨੇ ਹੀ ਹੋਏ ਹਨ ਇਸ ਲਈ ਸਰਕਾਰ ਕੋਈ ਢਿੱਲ ਨਹੀਂ ਸੀ ਦਿਖਾਉਣਾ ਚਾਹੁੰਦੀ। ਛੇ ਜੂਨ ਨੂੰ ਸ਼ਹਿਰ ਦੇ ਕਈ ਇਲਾਕਿਆਂ ’ਚ ਅਕਸਰ ਵਿਵਾਦ ਦੀਆਂ ਖ਼ਬਰਾਂ ਵੀ ਰਹਿੰਦੀਆਂ ਹਨ। ਇਸ ਕਾਰਨ ਪੁਲੀਸ ਲਈ ਸਭ ਤੋਂ ਵੱਡੀ ਚੁਣੌਤੀ ਇਨ੍ਹਾਂ ਨੂੰ ਰੋਕਣਾ ਸੀ। ਇਸ ਲਈ ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਵੱਲੋਂ ਪਹਿਲਾਂ ਹੀ ਹਰ ਤਿਆਰੀ ਕਰ ਲਈ ਗਈ ਸੀ। ਉਹ ਖ਼ੁਦ ਪ੍ਰਮੁੱਖ ਸਥਾਨਾਂ ’ਤੇ ਗਏ ਅਤੇ ਸੁਰੱਖਿਆ ਪ੍ਰਬੰਧ ਚੈੱਕ ਕੀਤੇ। ਸੋਮਵਾਰ ਨੂੰ ਵੀ ਉਨ੍ਹਾਂ ਨੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕੀਤੀ। ਪ੍ਰਸ਼ਾਸਨ ਵੱਲੋਂ ਧਾਰਾ-144 ਲਾਗੂ ਕਰ ਦਿੱਤੀ ਗਈ ਸੀ ਅਤੇ ਪ੍ਰਦਰਸ਼ਨ ਤੇ ਰੈਲੀ ਕਰਨ ਦੀ ਆਗਿਆ ਨਹੀਂ ਸੀ। ਪ੍ਰਸ਼ਾਸਨ ਦੀ ਕੋਸ਼ਿਸ਼ ਸੀ ਕਿ ਕੋਈ ਸ਼ਰਾਰਤੀ ਅਨਸਰ ਇਸ ਦਿਵਸ ਮੌਕੇ ਕੁਝ ਗ਼ਲਤ ਨਾ ਕਰੇ।
ਸਿੱਖ ਤੇ ਹਿੰਦੂ ਆਗੂਆਂ ਨੂੰ ਘਰਾਂ ’ਚ ਨਜ਼ਰਬੰਦ ਕੀਤਾ
ਪੁਲੀਸ ਨੇ ਸੋਮਵਾਰ ਨੂੰ ਹਿੰਦੂ ਤੇ ਸਿੱਖ ਨੇਤਾਵਾਂ ਨੂੰ ਉਨ੍ਹਾਂ ਦੇ ਘਰਾਂ ’ਚ ਨਜ਼ਰਬੰਦ ਕਰ ਦਿੱਤਾ। ਇਸ ਕਰ ਕੇ ਨਾ ਕੋਈ ਬਾਹਰ ਜਾ ਸਕਿਆ ਤੇ ਨਾ ਹੀ ਕੋਈ ਪ੍ਰਦਰਸ਼ਨ ਕਰ ਸਕਿਆ। ਘੱਲੂਘਾਰਾ ਦਿਵਸ ਮੌਕੇ ਹਿੰਦੂ ਤੇ ਸਿੱਖ ਜਥੇਬੰਦੀਆਂ ਪ੍ਰਦਰਸ਼ਨ ਕਰਦੀਆਂ ਹਨ। ਪੁਰਾਣੇ ਸ਼ਹਿਰੀ ਇਲਾਕਿਆਂ ਵਿੱਚ ਤਾਂ ਕਾਫ਼ੀ ਘਮਾਸਾਨ ਰਹਿੰਦਾ ਹੈ। ਇਸ ਕਾਰਨ ਪੁਲੀਸ ਨੂੰ ਪ੍ਰੇਸ਼ਾਨੀ ਹੁੰਦੀ ਹੈ। ਪੁਲੀਸ ਦੇ ਵੱਲੋਂ ਪੁਖਤਾ ਪ੍ਰਬੰਧ ਕਰਦੇ ਹੋਏ ਸ਼ਹਿਰ ਦੀਆਂ ਹੱਦਾਂ ’ਤੇ ਕਮਾਂਡੋ ਤੇ ਪੰਜਾਬ ਆਰਮਡ ਫੋਰਸ ਦੇ ਨਾਲ ਪੰਜਾਬ ਪੁਲੀਸ ਦੇ ਵੱਖ-ਵੱਖ ਗਰੁੱਪਾਂ ਨੂੰ ਤਾਇਨਾਤ ਕੀਤਾ ਗਿਆ ਸੀ।
ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ
ਲੁਧਿਆਣਾ ’ਚ ਸਾਰੇ ਦਾਖ਼ਲਿਆਂ ਅਤੇ ਬਾਹਰ ਜਾਣ ਵਾਲੇ ਪੁਆਇੰਟ ’ਤੇ ਪੁਲੀਸ ਦੀ ਨਾਕਾਬੰਦੀ ਹੈ। ਪੁਲੀਸ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਵੀ ਕੱਢੇ ਗਏ। ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਖ਼ੁਦ ਦੇਰ ਰਾਤ ਤੱਕ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕਰਦੇ ਰਹੇ। ਉਨ੍ਹਾਂ ਸਾਰੇ ਸੁਰੱਖਿਆ ਪ੍ਰਬੰਧਾਂ ਦੀ ਕਮਾਂਡ ਆਪਣੇ ਹੱਥ ਵਿੱਚ ਰੱਖੀ। ਪੁਲੀਸ ਤੇ ਪ੍ਰਸ਼ਾਸਨ ਦੇ ਨਾਲ-ਨਾਲ ਹਿੰਦੂ ਸਮਾਜ ਦੀਆਂ ਸਾਰੀਆਂ ਜਥੇਬੰਦੀਆਂ ਨੇ ਵੀ ਇਸ ਦਿਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।