ਪੱਤਰ ਪ੍ਰੇਰਕ
ਮਾਛੀਵਾੜਾ, 27 ਅਕਤੂਬਰ
ਸਾਹਿਤ ਸਭਾ ਮਾਛੀਵਾੜਾ ਦੀ ਮਾਸਿਕ ਇਕੱਤਰਤਾ ਸਥਾਨਕ ਸ੍ਰੀ ਸ਼ੰਕਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਭਾ ਦੇ ਪ੍ਰਧਾਨ ਟੀ. ਲੋਚਨ ਦੀ ਪ੍ਰਧਾਨਗੀ ਵਿਚ ਹੋਈ। ਇਸ ਸਾਹਿਤਕ ਮਿਲਣੀ ਵਿਚ ਉਰਦੂ ਅਤੇ ਪੰਜਾਬੀ ਦੇ ਨਾਮਵਾਰ ਸ਼ਾਇਰ ਜਨਾਬ ਸਰਦਾਰ ਪੰਛੀ ਪਧਾਰੇ। ਇਨ੍ਹਾਂ ਦੇ ਨਾਲ ਪੰਜਾਬੀ ਸ਼ਾਇਰ ਜ਼ੋਰਾਵਰ ਸਿੰਘ ਪੰਛੀ ਅਤੇ ਪੰਮੀ ਹਬੀਬ ਨੇ ਵੀ ਸ਼ਿਰਕਤ ਕੀਤੀ। ਮੀਟਿੰਗ ਵਿਚ ਸਭ ਤੋਂ ਪਹਿਲਾਂ ਲੇਖਕ ਰਘਬੀਰ ਸਿੰਘ ਭਰਤ ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਮੱਲ ਸਿੰਘ ਰਾਮਪੁਰੀ ਯਾਦਗਾਰੀ ਪੁਰਸਕਾਰ ਦੀ ਘੋਸ਼ਣਾ ਲਈ ਸ਼ੁਭਕਾਮਨਾਵਾਂ ਅਤੇ ਮੁਬਾਰਕਾਂ ਦਿੱਤੀਆਂ। ਇਸ ਉਪਰੰਤ ਰਚਨਾਵਾਂ ਦੇ ਦੌਰ ਵਿਚ ਅਵਤਾਰ ਸਿੰਘ ਉਟਾਲਾਂ ਨੇ ਦੋਗਾਣਾ ਪੇਸ਼ ਕੀਤਾ ਅਤੇ ਪੰਮੀ ਹਬੀਬ ਨੇ ਮਿੰਨੀ ਕਹਾਣੀ ਸੁਣਾਈ। ਫਿਰ ਲੇਖਕ ਰਘਬੀਰ ਸਿੰਘ ਭਰਤ ਨੇ ਲੇਖ ਸੁਣਾਇਆ। ਸ਼ਾਇਰ ਨਿਰੰਜਨ ਸੂਖਮ, ਸ਼ਾਇਰ ਟੀ. ਲੋਚਨ, ਸ਼ਾਇਰ ਸ. ਨਸੀਮ ਨੇ ਗ਼ਜ਼ਲਾਂ ਸੁਣਾਈਆਂ। ਇਸ ਉਪਰੰਤ ਲੁਧਿਆਣਾ ਤੋਂ ਆਏ ਸ਼ਾਇਰ ਜ਼ੋਰਾਵਰ ਸਿੰਘ ਪੰਛੀ ਨੇ ਗ਼ਜ਼ਲਾਂ ਨਾਲ ਰੰਗ ਬੰਨ੍ਹਿਆ। ਇਕੱਤਰਤਾ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਨਿਰੰਜਨ ਸੂਖਮ ਨੇ ਕੀਤਾ। ਪੜ੍ਹੀਆਂ ਗਈਆਂ ਸਾਰੀਆਂ ਰਚਨਾਵਾਂ ’ਤੇ ਉਸਾਰੂ ਬਹਿਸ ਵਿਚ ਗੁਰਭਗਤ ਸਿੰਘ ਗਿੱਲ, ਜੋਰਾਵਰ ਸਿੰਘ ਪੰਛੀ, ਸਰਦਾਰ ਪੰਛੀ, ਪੰਮੀ ਹਬੀਬ ਨੇ ਹਿੱਸਾ ਲਿਆ। ਅੰਤ ਵਿਚ ਸ਼ਾਇਰ ਨਸੀਮ ਨੇ ਪੰਛੀ ਸਾਹਿਬ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਆਏ ਬਾਕੀ ਮਹਿਮਾਨਾਂ ਦਾ ਸ਼ੁਕਰੀਆ ਅਦਾ ਕੀਤਾ।