ਨਿੱਜੀ ਪੱਤਰ ਪ੍ਰੇਰਕ
ਖੰਨਾ, 5 ਮਈ
ਇੱਥੇ ਬਿਜਲੀ ਬੋਰਡ ਨਾਲ ਸਬੰਧਤ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਮੈਂਬਰਾਂ ਦੀ ਇਕੱਤਰਤਾ ਕ੍ਰਿਸ਼ਨ ਲਾਲ ਅਤੇ ਦਰਸ਼ਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਬਿਜਲੀ ਕਾਮਿਆਂ ਨੇ ਹੱਥੀਂ ਮੰਗਾਂ ਸਬੰਧੀ ਵਿਸ਼ਾਲ ਰੈਲੀ ਕਰਦਿਆਂ ਨਾਅਰੇਬਾਜ਼ੀ ਕੀਤੀ। ਇਕੱਤਰਤਾ ਵਿੱਚ ਆਗੂਆਂ ਨੇ ਮੰਗ ਕੀਤੀ ਕਿ ਨਿੱਜੀਕਰਨ, ਸੰਸਾਰੀਕਰਨ, ਉਦਾਰੀਕਰਨ ਦੀ ਨੀਤੀ ਰਾਹੀਂ ਸਰਕਾਰੀ ਤੇ ਅਰਧ-ਸਰਕਾਰੀ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦੇਣਾ ਬੰਦ ਕੀਤਾ ਜਾਵੇ, ਬਿਜਲੀ ਐਕਟ 2003 ਰੱਦ ਕੀਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਸੇਵਾ ਸ਼ਰਤਾਂ ਵਿੱਚ ਕੀਤੀ ਤਬਦੀਲੀ ਰੱਦ ਕੀਤੀ ਜਾਵੇ, 44 ਲੇਬਰ ਕਾਨੂੰਨ ਤੋੜ ਕੇ ਬਣਾਏ 4 ਕੋਡ ਰੱਦ ਕੀਤੇ ਜਾਣ, ਸਾਰੇ ਸਰਕਾਰੀ ਅਦਾਰਿਆਂ ਵਿੱਚ ਪੱਕੀ ਭਰਤੀ ਰਾਹੀਂ ਅਸਾਮੀਆਂ ਭਰੀਆਂ ਜਾਣ, ਫਿਰਕਾਪ੍ਰਸਤੀ ਨੂੰ ਬੰਦ ਕੀਤਾ ਜਾਵੇ ਤੇ ਪਟਿਆਲਾ ਸਰਕਲ ਦੇ ਟਰਮੀਨੇਟ ਕੀਤੇ ਆਗੂ ਬਹਾਲ ਕੀਤੇ ਜਾਣ ਆਦਿ। ਇਸ ਮੌਕੇ ਜਗਦੇਵ ਸਿੰਘ, ਜਸਵੀਰ ਸਿੰਘ, ਤਰਸੇਮ ਸਿੰਘ, ਸਤਪਾਲ ਸਿੰਘ, ਅਨੂਪ ਸਿੰਘ, ਗੁਰਮੀਤ ਸਿੰਘ, ਅਮਰਜੀਤ ਕੌਰ, ਦੇਸ਼ ਰਾਜ ਹਾਜ਼ਰ ਸਨ।