ਲੁਧਿਆਣਾ: ਇਥੇ ਥਾਣਾ ਮੇਹਰਬਾਨ ਦੀ ਪੁਲੀਸ ਨੇ ਗੈਸ ਦੀ ਕਾਲਾਬਾਜ਼ਾਰੀ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇੰਸਪੈਕਟਰ ਰਣਧੀਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਸੀਤਲ ਧਰਮ ਕੰਡਾ ਨੇੜੇ ਗਸ਼ਤ ਕਰ ਰਹੀ ਸੀ ਤਾਂ ਪਤਾ ਲੱਗਾ ਕਿ ਧਰਮ ਕੰਡੇ ਦੇ ਸਾਹਮਣੇ ਦਵਿੰਦਰ ਸਿੰਘ ਵਾਸੀ ਮੇਹਰਬਾਨ ਆਪਣੀ ਦੁਕਾਨ ਵਿੱਚ ਵੱਖ-ਵੱਖ ਗੈਸ ਸਿਲੰਡਰਾਂ ਤੋਂ ਗੈਸ ਕੱਢ ਕੇ ਛੋਟੇ ਗੈਸ ਸਿਲੰਡਰਾਂ ਵਿੱਚ ਭਰ ਕੇ ਗਾਹਕਾਂ ਨੂੰ ਮਹਿੰਗੇ ਭਾਅ ਵੇਚਦਾ ਹੈ। ਪੁਲੀਸ ਨੇ ਛਾਪਾ ਮਾਰ ਕੇ ਦਵਿੰਦਰ ਸਿੰਘ ਨੂੰ ਕਾਬੂ ਕਰ ਲਿਆ ਅਤੇ ਉਸ ਕੋਲੋਂ 6 ਵੱਡੇ ਅਤੇ 5 ਛੋਟੇ ਸਿਲੰਡਰ ਬਰਾਮਦ ਹੋਏ ਹਨ। ਪੁਲੀਸ ਮੁਲਜ਼ਮ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ