ਸਤਵਿੰਦਰ ਬਸਰਾ
ਲੁਧਿਆਣਾ, 29 ਮਈ
ਬੁੱਢੇ ਦਰਿਆ ਤੋਂ ਬਾਅਦ ਹੁਣ ਸਤਿਲੁਜ ਦਰਿਆ ਨੂੰ ਵੀ ਪ੍ਰਦੂਸ਼ਿਤ ਕਰਨ ਦੀਆਂ ਤਿਆਰੀਆਂ ਹੋਣ ਲੱਗ ਪਈਆਂ ਹਨ। ਪਿਛਲੇ ਦਿਨਾਂ ਦੌਰਾਨ ਸਬਜ਼ੀ ਮੰਡੀ ਦਾ ਕੂੜਾ ਸਤਲੁਜ ਦਰਿਆ ਨੇੜੇ ਇੱਕ ਖੇਤ ਵਿੱਚ ਸੁੱਟਣ ਦਾ ਲੋਕਾਂ ਨੇ ਸਖ਼ਤ ਵਿਰੋਧ ਕਰਦਿਆਂ ਇਸ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਸੀ। ਪਿੰਡ ਦੇ ਸਰਪੰਚ ਨੇ ਚਿਤਾਵਨੀ ਦਿੱਤੀ ਕਿ ਜੇ ਕੂੜਾ ਸੁੱਟਣਾ ਬੰਦ ਨਾ ਕੀਤਾ ਗਿਆ ਤਾਂ ਡੀਸੀ ਲੁਧਿਆਣਾ ਦੇ ਦਫ਼ਤਰ ਅੱਗੇ ਰੋਸ ਪ੍ਰਗਟ ਕੀਤਾ ਜਾਵੇਗਾ।
ਸਤਲੁਜ ਦਰਿਆ ਦੇ ਨੇੜੇ ਪੈਂਦੇ ਪਿੰਡ ਤਲਵੰਡੀ ਕਲਾਂ ਦੇ ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਸਬਜ਼ੀ ਮੰਡੀ ਦਾ ਕੂੜਾ ਟਿੱਪਰਾਂ ਰਾਹੀਂ ਲਿਆ ਕਿ ਦਰਿਆ ਦੇ ਨੇੜੇ ਇੱਕ ਖੇਤ ਦੇ ਆਲੇ-ਦੁਆਲੇ ਟੀਨ ਦੀਆਂ ਚਾਦਰਾਂ ਲਾ ਕੇ ਵਿੱਚ ਸੁੱਟਿਆ ਗਿਆ। ਉਨ੍ਹਾਂ ਦੱਸਿਆ ਕਿ ਬਰਸਾਤੀ ਮੌਸਮ ਵਿੱਚ ਇਹੋ ਕੂੜਾ ਦਰਿਆ ਅੰਦਰ ਜਾਵੇਗਾ ਅਤੇ ਪੀਣ ਵਾਲਾ ਪਾਣੀ ਪ੍ਰਦੂਸ਼ਿਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਤਾ ਲੱਗਿਆ ਹੈ ਕਿ ਇਹ ਕੂੜਾ ਲੁਧਿਆਣਾ ਦੀ ਇੱਕ ਸਬਜ਼ੀ ਮੰਡੀ ਵਿੱਚੋਂ ਲਿਆ ਕਿ ਇੱਥੇ ਸੁੱਟਿਆ ਗਿਆ ਹੈ। ਟਿੱਪਰ ਚਲਾਉਣ ਵਾਲਾ ਵਿਅਕਤੀ ਵੀ ਸਬੰਧਿਤ ਪਿੰਡ ਦਾ ਹੀ ਹੈ।
ਉਧਰ, ਪਿੰਡ ਵਾਲਿਆਂ ਵੱਲੋਂ ਅੱਗੇ ਤੋਂ ਇੱਥੇ ਕੂੜਾ ਸੁੱਟਣ ਤੋਂ ਰੋਕਣ ਲਈ ਲਾਡੋਵਾਲ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਕੂੜੇ ਨੂੰ ਜਲਦੀ ਤੋਂ ਜਲਦੀ ਇੱਥੋਂ ਚੁੱਕਵਾਇਆ ਜਾਵੇ। ਜੇ ਇਸ ਪਾਸੇ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਪਿੰਡ ਵਾਲੇ ਆਉਂਦੇ ਦਿਨਾਂ ਵਿੱਚ ਡੀਸੀ ਲੁਧਿਆਣਾ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਬਜ਼ੀ ਮੰਡੀ ਦਾ ਠੇਕਾ ਜਿਸ ਕੰਪਨੀ ਨੂੰ ਦਿੱਤਾ ਹੈ, ਉਸ ਨੂੰ ਰੋਜ਼ਾਨਾ ਕੂੜਾ ਚੁੱਕ ਕੇ ਲਿਜਾਣ ਦੀਆਂ ਹਦਾਇਤਾਂ ਹਨ। ਸਬਜ਼ੀ ਮੰਡੀ ਦਾ ਕੂੜਾ ਸੁੱਟਣ ਲਈ ਢੁਕਵੀਂ ਥਾਂ ਨਾ ਹੋਣ ਕਰ ਕੇੇ ਕਥਿਤ ਤੌਰ ’ਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਨਾਜਾਇਜ਼ ਕੂੜਾ ਸੁੱਟਿਆ ਜਾ ਰਿਹਾ ਹੈ।
‘ਸਤਲੁਜ ਨੇੜੇ ਕੂੜਾ ਸੁੱਟਣ ਦੀ ਸ਼ਿਕਾਇਤ ਨਹੀਂ ਆਈ’
ਮਾਰਕੀਟ ਕਮੇਟੀ ਦੇ ਸੈਕਟਰੀ ਤੇਗ ਬਹਾਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮੰਡੀ ਵਿੱਚੋਂ ਕੂੜਾ ਚੁੱਕਣ ਦਾ ਠੇਕਾ ਇੱਕ ਕੰਪਨੀ ਨੂੰ ਦਿੱਤਾ ਹੋਇਆ ਹੈ। ਕੰਪਨੀ ਵਾਲੇ ਮੰਡੀ ਵਿੱਚ ਬਣੇ ਕੂੜਾ ਡੰਪ ਵਿੱਚ ਕੂੜਾ ਇਕੱਠਾ ਕਰਦੇ ਹਨ ਅਤੇ ਉੱਥੋਂ ਉਹ ਅੱਗੇ ਕੂੜਾ ਕਿੱਥੇ ਸੁੱਟਦੇ ਹਨ, ਇਸ ਬਾਰੇ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੂੰ ਜਦੋਂ ਸਤਲੁਜ ਨੇੜੇ ਇੱਕ ਖੇਤ ਵਿੱਚ ਕੂੜਾ ਸੁੱਟਣ ਦੀ ਸ਼ਿਕਾਇਤ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ।