ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 31 ਅਗਸਤ
ਸਨਅਤੀ ਸ਼ਹਿਰ ’ਚ ਅੱਜ ਸ੍ਰੀ ਗਣੇਸ਼ ਮਹਾਉਤਸਵ ਦੀ ਸ਼ੁਰੂਆਤ ਹੋਈ। ‘ਗਣਪਤੀ ਬੱਪਾ ਮੋਰੀਆ’ ਦੇ ਜੈਕਾਰਿਆਂ ਨਾਲ ਹਰ ਗਲੀ ਮੁਹੱਲੇ ਵਿੱਚ ਸਜੇ ਦਰਬਾਰਾਂ ਵਿੱਚ ਸ੍ਰੀ ਗਣੇਸ਼ ਦੀ ਪੂਜਾ ਹੋਈ। ਸ਼ਹਿਰ ਵਿੱਚ 28 ਥਾਵਾਂ ’ਤੇ ਗਣੇਸ਼ ਜੀ ਦੇ ਵੱਡੇ ਪੰਡਾਲ ਲੱਗੇ ਹਨ।
ਸਭ ਤੋਂ ਪਹਿਲਾਂ ਗਣੇਸ਼ ਜੀ ਦੀ ਪੂਜਾ ਲਈ ਜਨਕਪੁਰੀ ਇਲਾਕੇ ਵਿੱਚ ਪੰਡਾਲ ਲੱਗਣਾ ਸ਼ੁਰੂ ਹੋਇਆ ਸੀ। ਜਿਸ ਤੋਂ ਬਾਅਦ ਹੁਣ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਇਹ ਮਹਾਉਤਸਵ ਪੁੱਜ ਗਿਆ ਹੈ। ਸਾਰੇ ਪੰਡਾਲਾਂ ਵਿੱਚ ਦਿਨ ਰਾਤ ਗਣੇਸ਼ ਜੀ ਦੇ ਗੁਣਗਾਨ ਲਈ ਵੱਖ ਵੱਖ ਧਾਰਮਿਕ ਗਾਇਕਾਂ ਦੀਆਂ ਪਾਰਟੀਆਂ ਪੁੱਜਣ ਗਈਆਂ।
ਸ਼ਹਿਰ ਦੇ ਵੱਖ-ਵੱਖ ਮੰਦਰਾਂ ਅਤੇ ਮੁਹੱਲਿਆਂ ’ਚ ਹੋਣ ਵਾਲੇ ਮਹਾਉਤਸਵਾਂ ਲਈ ਮੂਰਤੀਕਾਰ ਵਿਸ਼ੇਸ਼ ਤੌਰ ’ਤੇ ਬਾਹਰੀ ਸੂਬਿਆਂ ਤੋਂ ਲੁਧਿਆਣਾ ਆਏ ਹੋਏ ਹਨ, ਜੋ ਕਿ ਪਿਛਲੇ ਦੋ ਮਹੀਨਿਆਂ ਤੋਂ ਗਣੇਸ਼ ਜੀ ਦੀਆਂ ਮੂਰਤੀਆਂ ਬਣਾ ਰਹੇ ਹਨ। ਇਸ ਤੋਂ ਬਾਅਦ ਅੱਜ ਗਣੇਸ਼ ਚਤੁਰਥੀ ਮੌਕੇ ’ਤੇ ਸਨਅਤੀ ਸ਼ਹਿਰ ਵਿੱਚ 28 ਥਾਵਾਂ ’ਤੇ ਗਣਪਤੀ ਜੀ ਦੇ ਪੰਡਾਲ ਸਜਾਏ ਗਏ ਹਨ। ਹੈਬੋਵਾਲ, ਜਮਾਲਪੁਰ, ਜਨਕਪੁਰੀ, ਦਰੇਸੀ ਮੈਦਾਨ, ਸਲੇਮ ਟਾਬਰੀ, ਇਸਲਾਮਗੰਜ ਆਦਿ ਇਲਾਕਿਆਂ ਵਿੱਚ ਵੱਡੀਆਂ ਵੱਡੀਆਂ ਮੂਰਤੀਆਂ ਸਥਾਪਤ ਕੀਤੀਆਂ ਗਈਆਂ। ਸਨਅਤੀ ਸ਼ਹਿਰ ਵਿੱਚ ਸਭ ਤੋਂ ਵੱਡੀ ਮੂਰਤੀ ਜਨਕਪੁਰੀ ’ਚ ਸਥਾਪਤ ਕੀਤੀ ਗਈ ਹੈ। ਇਸੇ ਤਰ੍ਹਾਂ ਦਰੇਸੀ ਮੈਦਾਨ ਵਿੱਚ ਵੀ ਕਾਫ਼ੀ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ।