ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਅਗਸਤ
ਗਾਂਧੀ ਨਗਰ ਖੇਤਰ ਵਿੱਚ ਸੋਮਵਾਰ ਦੀ ਬਾਅਦ ਦੁਪਹਿਰ ਨੂੰ ਇੱਕ ਤੋਂ ਇੱਕ ਬਾਅਦ ਇੱਕ ਧਮਾਕੇ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਧਮਾਕੇ ਤੋਂ ਬਾਅਦ ਇਲਾਕੇ ਦੇ ਲੋਕ ਘਰਾਂ ’ਚੋਂ ਬਾਹਰ ਆ ਗਏ। ਇਸ ਤੋਂ ਬਾਅਦ ਪਤਾ ਲੱਗਿਆ ਕਿ ਗਲੀ ਨੰਬਰ 7 ’ਚ ਸਥਿਤ ਘਰ ਦੀ ਤੀਸਰੀ ਮੰਜ਼ਿਲ ’ਤੇ ਇੱਕ ਤੋਂ ਬਾਅਦ ਇੱਕ 2 ਸਿਲੰਡਰਾਂ ’ਚ ਧਮਾਕਾ ਹੋਇਆ। ਹਾਲਾਂਕਿ ਜਿਸ ਘਰ ’ਚ ਸਿਲੰਡਰ ਫਟੇ, ਉੱਥੇ ਉਸ ਸਮੇਂ ਕੋਈ ਨਹੀਂ ਸੀ। ਘਰ ’ਚ ਰਹਿਣ ਵਾਲੇ ਆਪਣੇ ਕੰਮ ’ਤੇ ਗਏ ਹੋਏ ਸਨ। ਧਮਾਕੇ ਕਾਰਨ ਘਰ ’ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਅਤੇ ਕੰਧਾਂ ਟੁੱਟ ਗਈਆਂ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦਾ ਟੈਂਡਰ ਘਟਨਾ ਸਥਾਨ ’ਤੇ ਪੁੱਜ ਗਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ’ਤੇ ਕਾਬੂ ਪਾਇਆ।
ਹਾਲਾਂਕਿ ਸਿਲੰਡਰਾਂ ’ਚ ਧਮਾਕਾ ਕਿਵੇਂ ਹੋਇਆ, ਇਸ ਬਾਰੇ ਕੁਝ ਪਤਾ ਨਹੀਂ ਲੱਗਿਆ। ਗਾਂਧੀ ਨਗਰ ਦੀ ਗਲੀ ਨੰ. 7 ਵਿੱਚ 2 ਧਮਾਕੇ ਹੋਏ। ਲੋਕ ਬਾਹਰ ਆਏ ਤਾਂ ਪਤਾ ਲੱਗਿਆ ਕਿ ਸਿਲੰਡਰ ’ਚ ਧਮਾਕਾ ਹੋਇਆ ਹੈ। ਖੁਸ਼ਕਿਸਮਤੀ ਇਹ ਰਹੀ ਕਿ ਜਦੋਂ ਇਹ ਘਟਨਾ ਘਟੀ ਤਾਂ ਉਸ ਸਮੇਂ ਕਮਰੇ ’ਚ ਰਹਿੰਦੇ ਲੋਕ ਆਪਣੇ ਕੰਮ ’ਤੇ ਗਏ ਹੋਏ ਸਨ, ਜਦੋਂ ਕਿ ਆਸਪਾਸ ਦੇ ਕਮਰਿਆਂ ’ਚ ਰਹਿ ਰਹੇ ਲੋਕਾਂ ਨੂੰ ਮੁਹੱਲਾ ਵਾਸੀਆਂ ਨੇ ਸੁਰੱਖਿਅਤ ਕੱਢ ਲਿਆ ਸੀ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਦੂਸਰੇ ਕਮਰਿਆਂ ’ਚ ਪਏ ਗੈਸ ਸਿਲੰਡਰਾਂ ਨੂੰ ਵੀ ਅੱਗ ਦੀ ਚਪੇਟ ’ਚ ਆਉਣ ਤੋਂ ਪਹਿਲਾਂ ਤੇਜ਼ੀ ਨਾਲ ਬਾਹਰ ਕੱਢਿਆ। ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਮਕਾਨ ’ਚ ਕਿਰਾਏ ’ਤੇ ਲੋਕ ਰਹਿੰਦੇ ਹਨ, ਪਰ ਜਿਸ ਕਮਰੇ ਵਿੱਚ ਅੱਗ ਲੱਗੀ, ਉਸ ਸਮੇਂ ਉਹ ਕੰਮ ’ਤੇ ਗਏ ਹੋਏ ਸਨ। ਇਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਾਇਰ ਕਰਮੀਆਂ ਨੇ ਅੱਗ ਦੇ ਹੋਰ ਫੈਲਣ ਤੋਂ ਪਹਿਲਾਂ ਹੀ ਉਸ ਨੂੰ ਕਾਬੂ ਕਰ ਲਿਆ।