ਸਤਵਿੰਦਰ ਬਸਰਾ
ਲੁਧਿਆਣਾ, 29 ਮਈ
ਦੇਸ਼ ਵਿੱਚ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਮਨਾਏ ਜਾ ਰਹੇ ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਪ੍ਰੋਗਰਾਮ ਤਹਿਤ ਸੇਵਾ ਭਾਰਤੀ ਵੱਲੋਂ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫੁਟਬਾਲ ਮੈਦਾਨ ਵਿਚ ਖੇਡ ਮੇਲਾ ਅਤੇ ਮੈਰਾਥਨ ਕਰਵਾਈ ਗਈ। ਇਨ੍ਹਾਂ ਖੇਡ ਗਤੀਵਿਧੀਆਂ ਵਿੱਚ ਸ਼ਹਿਰ ਦੇ ਵੱਖ ਵੱਖ ਉਮਰ ਵਰਗ ਦੇ ਲੋਕਾਂ ਨੇ ਸ਼ਿਰਕਤ ਕੀਤੀ। ਇਸ ਦਾ ਉਦਘਾਟਨ ਸਾਬਕਾ ਡੀਜੀਪੀ ਡੀਆਰ ਭੱਟੀ ਨੇ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਜਿੱਥੇ ਸਰੀਰਕ ਤੰਦਰੁਸਤੀ ਪ੍ਰਦਾਨ ਕਰਦੇ ਹਨ, ਉੱਥੇ ਆਪਸੀ ਸਾਂਝ ਨੂੰ ਹੋਰ ਪੱਕਾ ਕਰਦੇ ਹਨ। ਉਨ੍ਹਾਂ ਨੇ ਪ੍ਰਬੰਧਕਾਂ ਨੂੰ ਅਜਿਹੀਆਂ ਖੇਡ ਗਤੀਵਿਧੀਆਂ ਕਰਵਾਉਣ ਲਈ ਵਧਾਈ ਦਿੱਤੀ।
ਇਸ ਖੇਡ ਮੇਲੇ ਅਤੇ ਮੈਰਾਥਨ ਦੌੜ ਪ੍ਰੋਗਰਾਮ ਦਾ ਮੁੱਖ ਆਕਰਸ਼ਨ ਖੇਡਾਂ ਰਹੀਆਂ। ਇਨ੍ਹਾਂ ਵਿੱਚੋਂ 5.5 ਕਿਲੋਮੀਟਰ ਦੀ ਮੈਰਾਥਨ ਵਿੱਚ ਸ਼ਹਿਰ ਦੇ ਹਰ ਉਮਰ ਵਰਗ ਦੇ ਲੋਕਾਂ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਕਬੱਡੀ ਅਤੇ ਰੱਸਾ ਖਿੱਚਣ ਦੇ ਮੁਕਾਬਲੇ ਵੀ ਕਰਵਾਏ ਗਏ। ਸੇਵਾ ਭਾਰਤੀ ਦੇ ਉੱਤਰੀ ਖੇਤਰ ਦੇ ਪ੍ਰਮੁੱਖ ਸੋਮਨਾਥ ਅਗਰਵਾਲ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਪ੍ਰਾਪਤ ਕਰਨ ਲਈ ਅਸੀਂ ਸੈਂਕੜੇ ਸਾਲ ਸੰਘਰਸ਼ ਕੀਤਾ। ਅਣਗਿਣਤ ਦੇਸ਼ ਭਗਤਾਂ ਨੇ ਸ਼ਹਾਦਤਾਂ ਦਿੱਤੀਆਂ। ਸ੍ਰੀ ਅਗਰਵਾਲ ਨੇ ਦੱਸਿਆ ਕਿ ਖੇਡ ਗਤੀਵਿਧੀਆਂ ਆਜ਼ਾਦੀ ਦੇ ਜਸ਼ਨਾਂ ਨੂੰ ਮਨਾਉਣ ਲਈ ਕੌਮੀ ਪੱਧਰ ’ਤੇ ਸ਼ੁਰੂ ਕੀਤੀ ਮੁਹਿੰਮ ਦਾ ਹੀ ਹਿੱਸਾ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੇਸ਼ ਢਾਂਡਾ, ਸੁਰੇਸ਼ ਟੋਢੀ, ਮਦਨ ਗੋਇਲ, ਸੰਜੀਵ ਬਾਂਕਾ, ਅਨੂਪ, ਬੌਬੀ ਜੈਨ, ਅਸ਼ਵਨੀ ਗੁਪਤਾ ਆਦਿ ਹਾਜ਼ਰ ਸਨ।