ਲੁਧਿਆਣਾ: ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ (ਗਡਵਾਸੂ) ਦੇ ਵਨ ਹੈਲਥ ਕੇਂਦਰ ਦੀ ਪੀਐਚਡੀ ਖੋਜਾਰਥੀ, ਡਾ. ਦੀਪਥੀ ਵਿਜੈ ਨੂੰ ਭਾਰਤ ਸਰਕਾਰ ਦੇ ਸਾਇੰਸ ਅਤੇ ਤਕਨਾਲੋਜੀ ਵਿਭਾਗ ਵੱਲੋਂ ਖੋਜ ਸਬੰਧੀ ਲੇਖਣੀ ਕੌਸ਼ਲ ਨੂੰ ਉਭਾਰਨ ਸਬੰਧੀ ਦਿੱਤਾ ਜਾਂਦਾ ਸਨਮਾਨ-2021 ਪ੍ਰਾਪਤ ਹੋਇਆ ਹੈ। ਖੋਜਾਰਥੀ ਨੂੰ ਇਸ ਸਨਮਾਨ ਵਿਚ ਸ਼ਲਾਘਾ ਪੱਤਰ ਅਤੇ 10 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ। ਡਾ. ਜਸਬੀਰ ਸਿੰਘ ਬੇਦੀ ਦੀ ਨਿਗਰਾਨੀ ਵਿਚ ਕੀਤੀ ਖੋਜ ਦਾ ਵਿਸ਼ਾ ‘ਡੇਅਰੀ ਪਸ਼ੂ ਝੁੰਡ ਵਿਚ ਸੂਖਮਜੀਵ ਵਿਰੋਧੀ ਪ੍ਰਤੀਰੋਧਕ ਸਮਰੱਥਾ’ ਦਾ ਅਧਿਐਨ ਕਰਨ ਸਬੰਧੀ ਸੀ। ਵਨ ਹੈਲਥ ਕੇਂਦਰ ਦੇ ਨਿਰਦੇਸ਼ਕ ਡਾ. ਬੇਦੀ, ਨਿਰਦੇਸ਼ਕ ਖੋਜ, ਜਤਿੰਦਰਪਾਲ ਸਿੰਘ ਗਿੱਲ ਅਤੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਜੀਵ ਕੁਮਾਰ ਉੱਪਲ ਨੇ ਡਾ. ਦੀਪਥੀ ਦੀ ਸ਼ਲਾਘਾ ਕੀਤੀ। ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਵੀ ਡਾ. ਦੀਪਥੀ ਨੂੰ ਮੁਬਾਰਕਬਾਦ ਦਿੱਤੀ। -ਖੇਤਰੀ ਪ੍ਰਤੀਨਿਧ