ਜੋਗਿੰਦਰ ਸਿੰਘ ਓਬਰਾਏ
ਖੰਨਾ, 24 ਜੂਨ
ਦੇਸ਼ ਦੀ ਰੱਖਿਆ ਕਰਦਾ ਇਤਿਹਾਸਕ ਪਿੰਡ ਸਲੌਦੀ ਸਿੰਘਾਂ ਦਾ ਫੌਜੀ ਨੌਜਵਾਨ ਸਵਰਨਜੀਤ ਸਿੰਘ 30 ਸਾਲ ਦੀ ਉਮਰ ਵਿਚ ਲੇਹ ਲੱਦਾਖ ’ਚ ਬੀਤੇ ਦਿਨ ਸ਼ਹੀਦੀ ਪ੍ਰਾਪਤ ਕਰ ਗਿਆ ਸੀ। ਜੱਦੀ ਪਿੰਡ ’ਚ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਨਾਇਕ ਸ਼ਹੀਦ ਸਵਰਨਜੀਤ ਸਿੰਘ ਨੂੰ ਡੀਐੱਸਪੀ ਰਾਜਨਪਰਮਿੰਦਰ ਸਿੰਘ ਮੱਲ੍ਹੀ, ਤਹਿਸੀਲਦਾਰ ਰਘਵੀਰ ਸਿੰਘ, ਐੱਸਐੱਚਓ ਨਛੱਤਰ ਸਿੰਘ, ਸ਼ਹੀਦ ਦੇ ਪਿਤਾ ਪਰਮਜੀਤ ਸਿੰਘ, ਪਤਨੀ ਗੁਰਪ੍ਰੀਤ ਕੌਰ ਅਤੇ ਸਵਰਨਜੀਤ ਸਿੰਘ ਦੀ ਯੂਨਿਟ 325 ਐੱਫਡੀ ਰੈਜ਼ੀਮੈਂਟ ਏਆਰਟੀਵਾਈ ਦੇ ਇੰਚਾਰਜ ਡੀ.ਡੀ.ਭੱਟ ਨੇੇ ਸ਼ਰਧਾਂਜਲੀ ਭੇਟ ਕੀਤੀ। ਸ਼ਹੀਦ ਸਵਰਨਜੀਤ ਸਿੰਘ ਦੀ ਦੇਹ ਨੂੰ ਉਨ੍ਹਾਂ ਦੇ ਪਿਤਾ ਪਰਮਜੀਤ ਸਿੰਘ ਵੱਲੋਂ ਅਗਨੀ ਭੇਟ ਕੀਤੀ ਗਈ। ਫੌਜ ਦੇ ਜਵਾਨਾਂ ਨੇ ਸ਼ਹੀਦ ਨੂੰ ਸੱਤ ਰਾਈਫਲਾਂ ਦੀ ਸਲਾਮੀ ਦਿੱਤੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਲੇਹ ਲੱਦਾਖ ਵਿਚ ਡਿਊਟੀ ਤੋਂ ਪਰਤ ਰਹੇ ਫੌਜੀ ਨੌਜਵਾਨਾਂ ਦੀ ਗੱਡੀ ਬਰਫ਼ ਵਿਚ ਧੱਸਣ ਕਾਰਨ ਖੱਡ ਵਿਚ ਡਿੱਗ ਗਈ ਸੀ। ਇਸ ਗੱਡੀ ’ਚ ਤਿੰਨ ਜਵਾਨ ਸਵਾਰ ਸਨ, ਜਿਨ੍ਹਾਂ ਵਿਚ ਪਿੰਡ ਸਲੌਦੀ ਸਿੰਘਾਂ ਦਾ ਫੌਜੀ ਜਵਾਨ ਸਵਰਨਜੀਤ ਸਿੰਘ ਸ਼ਹੀਦ ਹੋ ਗਿਆ।