ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਜੁਲਾਈ
ਪਲਾਟ ਦੇ ਵਿਵਾਦ ਕਾਰਨ ਪ੍ਰੇਸ਼ਾਨ ਹੋ ਕੇ ਜ਼ਹਿਰ ਖਾਣ ਵਾਲੇ ਕਾਂਗਰਸੀ ਜਨਰਲ ਸਕੱਤਰ ਹੈਪੀ ਬਾਜਵਾ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਪਿੰਡ ਜਾਂਗਪੁਰ ’ਚ ਕਰ ਦਿੱਤਾ ਗਿਆ। ਇਸ ਮੌਕੇ ਕੈਪਟਨ ਸੰਦੀਪ ਸੰਧੂ ਪੋਸਟਮਾਰਟਮ ਤੋਂ ਲੈ ਕੇ ਸਸਕਾਰ ਤੱਕ ਖ਼ੁਦ ਮੌਜੂਦ ਰਹੇ। ਉਧਰ ਦਾਖਾ ਪੁਲੀਸ ਨੇ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ, ਜਦੋਂ ਕਿ ਇੱਕ ਦੀ ਭਾਲ ਵਿੱਚ ਛਾਪਾਮਾਰੀ ਜਾਰੀ ਹੈ। ਜ਼ਿਕਰਯੋਗ ਹੈ ਕਿ ਜਾਂਗਪੁਰ ਦੇ ਰਹਿਣ ਵਾਲੇ ਹੈਪੀ ਬਾਜਵਾ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਪਿੰਡ ਦੇ ਹੀ ਤਿੰਨ ਵਿਅਕਤੀਆਂ ਦੇ ਨਾਮ ਲਏ ਸਨ। ਜਿਸ ਦੀ ਖਬਰ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੋਲ ਪੁੱਜੀ। ਉਹ ਹੈਪੀ ਬਾਜਵਾ ਦੇ ਘਰ ਪਹੁੰਚੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਹਾਜ਼ਰ ਸਨ। ਉਨ੍ਹਾਂ ਪਰਿਵਾਰ ਨੂੰ ਪੀਪੀਸੀਸੀ ਵੱਲੋਂ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਹਾਜ਼ਰ ਐੱਸਐੱਸਪੀ ਜਗਰਾਉਂ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।