ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 14 ਸਤੰਬਰ
ਪੁਲੀਸ ਜ਼ਿਲ੍ਹਾ ਖੰਨਾ ਦੇ ਵੱਖ-ਵੱਖ ਥਾਣਿਆਂ ਅੰਦਰ ਦਰਜ 5 ਮਾਮਲਿਆਂ ’ਚ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਸੁਰਿੰਦਰ ਕੁਮਾਰ ਨੇਪਾਲੀ ਨੂੰ ਮਾਛੀਵਾੜਾ ਪੁਲੀਸ ਨੇ ਕਾਬੂ ਕਰ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਸਬ-ਇੰਸਪੈਕਟਰ ਵਿਜੈ ਕੁਮਾਰ ਨੇ ਦੱਸਿਆ ਕਿ ਸੁਰਿੰਦਰ ਕੁਮਾਰ ਨੇਪਾਲੀ ਜੋ ਕਿ ਭਾਮੀਆ ਕਲਾਂ ਲੁਧਿਆਣਾ ਦਾ ਵਾਸੀ ਹੈ, ਜਿਸ ਖ਼ਿਲਾਫ਼ ਕਈ ਥਾਣਿਆਂ ’ਚ ਮਾਮਲੇ ਦਰਜ ਹਨ ਅਤੇ ਅਦਾਲਤ ਵਲੋਂ ਇਸ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਸੀ। ਸਬ-ਇੰਸਪੈਕਟਰ ਸੰਤੋਖ ਸਿੰਘ ਵੱਲੋਂ ਇਸ ਭਗੌੜੇ ਨੂੰ ਗ੍ਰਿਫ਼ਤਾਰ ਕਰ ਅੱਜ ਅਦਾਲਤ ਵਿਚ ਪੇਸ਼ ਕਰ ਰਿਮਾਂਡ ਲਿਆ ਗਿਆ। ਥਾਣਾ ਮੁਖੀ ਵਿਜੈ ਕੁਮਾਰ ਨੇ ਦੱਸਿਆ ਕਿ ਇਸ ਤੋਂ ਇਲਾਵਾ 32 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਸਤਿੰਦਰਪਾਲ ਸਿੰਘ ਉਰਫ਼ ਸੈਂਡੀ ਵਾਸੀ ਸੈਕਟਰ-70 ਮੁਹਾਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।