ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 1 ਅਗਸਤ
ਬਿਨਾ ਉਚਿੱਤ ਮੁਆਵਜ਼ਾ ਅਦਾ ਕੀਤੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਡੇਢ ਦਰਜਨ ਪਿੰਡਾਂ ਦੀਆਂ ਜ਼ਮੀਨਾਂ ਜਬਰੀ ਗ੍ਰਹਿਣ ਵਿਰੁੱਧ ਕਿਸਾਨ-ਮਜ਼ਦੂਰ, ਨੌਜਵਾਨ ਅਤੇ ਔਰਤਾਂ ਪੂਰੇ ਜੋਸ਼ ਨਾਲ 37ਵੇਂ ਦਿਨ ਵੀ ਕੋਟ ਆਗਾ ਵਿੱਚ ਚੱਲ ਰਹੇ ਮੋਰਚੇ ਵਿੱਚ ਡਟੇ ਰਹੇ ਅਤੇ ਜ਼ੋਰਦਾਰ ਨਾਅਰਿਆਂ ਦੌਰਾਨ ਅਖੌਤੀ ਵਿਕਾਸ ਦੇ ਨਾਂਅ ’ਤੇ ਕਿਸਾਨਾਂ-ਮਜ਼ਦੂਰਾ ਦੀ ਰੋਜ਼ੀ-ਰੋਟੀ ਨਾ ਖੋਹੇ ਜਾਣ ਦੀ ਮੰਗ ਕੀਤੀ। ਕਿਸਾਨ ਆਗੂ ਬੀਬੀ ਹਰਪ੍ਰੀਤ ਕੌਰ ਗੁੱਜਰਵਾਲ, ਜ਼ਿਲ੍ਹਾ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਬਲਾਕ ਪ੍ਰਧਾਨ ਕੁਲਦੀਪ ਸਿੰਘ ਗੁੱਜਰਵਾਲ, ਰਾਜਿੰਦਰ ਸਿੰਘ ਸਿਆੜ, ਚਰਨਜੀਤ ਸਿੰਘ ਫੱਲੇਵਾਲ, ਸੂਬਾ ਪ੍ਰਧਾਨ ਬਿੱਕਰਜੀਤ ਸਿੰਘ ਕਾਲਖ ਨੇ ਆਪਣੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਨਾ ਦੇਣ ਦਾ ਅਹਿਦ ਮੁੜ ਦੁਹਰਾਇਆ। ਕਿਸਾਨ ਆਗੂ ਪਰਮਜੀਤ ਸਿੰਘ ਕੋਟ ਆਗਾ, ਅਵਤਾਰ ਸਿੰਘ ਝੂੰਗੀਆਂ, ਜਸਵੀਰ ਸਿੰਘ ਕੋਟ ਆਗਾ ਸਮੇਤ ਹੋਰ ਆਗੂਆਂ ਨੇ ਗੰਨਾ ਉਤਪਾਦਕਾਂ ਦੇ ਬਕਾਏ ਦੀ ਪਹਿਲੀ ਕਿਸ਼ਤ ਨੂੰ ਕਿਸਾਨ ਸੰਘਰਸ਼ ਦੀ ਜਿੱਤ ਦੱਸਿਆ। ਕਿਸਾਨ ਆਗੂਆਂ ਨੇ ਮੰਗਾਂ ਦੀ ਪ੍ਰਾਪਤੀ ਲਈ ਜਥੇਬੰਦੀ ਦੀ ਮਜ਼ਬੂਤੀ ’ਤੇ ਜ਼ੋਰ ਦਿੱਤਾ। ਪਿੰਡ ਗੱਦੋਵਾਲ ਦੇ ਲੋਕਾਂ ਵੱਲੋਂ ਮੋਰਚੇ ਦੀ ਮਜ਼ਬੂਤੀ ਲਈ ਆਰਥਿਕ ਮਦਦ ਵੀ ਭੇਜੀ ਗਈ।