ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਅਕਤੂਬਰ
ਡਾਬਾ ਦੇ ਮਾਇਆ ਨਗਰ ਇਲਾਕੇ ਵਿੱਚ ਦੀਵਾਲੀ ਦੀ ਰਾਤ ਸ਼ਰਾਬ ਪੀਣ ਤੋਂ ਬਾਅਦ ਜੂਆ ਖੇਡਦਿਆਂ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੋਸਤਾਂ ਵਿੱਚ ਹੋਏ ਝਗੜੇ ਦੌਰਾਨ ਇਕ ਦੋਸਤ ਦੀ ਜਾਨ ਚਲੀ ਗਈ। ਉਸ ਨੂੰ ਇੱਟਾਂ ਤੇ ਪੱਥਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਜਾਮ ਕੁਮਾਰ ਵਜੋਂ ਹੋਈ ਹੈ।
ਘਟਨਾ ਬਾਰੇ ਪਤਾ ਲੱਗਦਿਆਂ ਹੀ ਇਲਾਕੇ ਦੇ ਲੋਕਾਂ ਨੇ ਤੁਰੰਤ ਪੁਲੀਸ ਨੂੰ ਜਾਣਕਾਰੀ ਦਿੱਤੀ ਅਤੇ ਸੂਚਨਾ ਮਿਲਦਿਆਂ ਹੀ ਥਾਣਾ ਡਾਬਾ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਪੁਲੀਸ ਨੇ ਜਾਂਚ ਤੋਂ ਬਾਅਦ ਜਾਮ ਕੁਮਾਰ ਚੌਧਰੀ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਪੁਲੀਸ ਵੱਲੋਂ ਇਸ ਮਾਮਲੇ ਵਿੱਚ ਜਾਮ ਕੁਮਾਰ ਚੌਧਰੀ ਦੇ ਦੋਸਤਾਂ ਅਨੁਜ ਕੁਮਾਰ, ਸਾਗਰ, ਕਾਲਾ ਅਤੇ ਧਰਮਜੀਤ ਮਿਸ਼ਰਾ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਏਸੀਪੀ ਸੰਦੀਪ ਵਡੇਰਾ ਨੇ ਦੱਸਿਆ ਹੈ ਕਿ ਜਾਮ ਕੁਮਾਰ ਕੋਲ ਕੋਈ ਕੰਮ ਧੰਦਾ ਨਹੀਂ ਸੀ ਅਤੇ ਉਹ ਸ਼ਰਾਬ ਪੀਣ ਦਾ ਆਦੀ ਸੀ। ਦੀਵਾਲੀ ਵਾਲੀ ਰਾਤ ਵੀ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਸ਼ਰਾਬ ਪੀਤੀ ਅਤੇ ਜੂਆ ਖੇਡਣ ਲੱਗ ਪਏ। ਇਸ ਦੌਰਾਨ ਉਨ੍ਹਾਂ ਵਿੱਚ ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ। ਉਨ੍ਹਾਂ ਰਲ ਕੇ ਜਾਮ ਕੁਮਾਰ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਜਦੋਂ ਜਾਮ ਕੁਮਾਰ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਇੱਟਾਂ ਪੱਥਰਾਂ ਨਾਲ ਉਸ ਉਪਰ ਹਮਲਾ ਕਰ ਦਿੱਤਾ ਅਤੇ ਉਸ ਨੂੰ ਸਖ਼ਤ ਜ਼ਖ਼ਮੀ ਹਾਲਤ ਵਿੱਚ ਛੱਡ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲੀਸ ਵਲੋਂ ਮੁਲਜ਼ਮਾਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਪੁਲੀਸ ਵਲੋਂ ਇਸ ਕੇਸ ਦੀ ਹੋਰ ਪੱਖਾਂ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ।