ਗਗਨਦੀਪ ਅਰੋੜਾ
ਲੁਧਿਆਣਾ, 11 ਫਰਵਰੀ
10 ਸਾਲ ਪਹਿਲਾਂ ਬਣੇ ਹਲਕਾ ਆਤਮ ਨਗਰ ਤੋਂ ਲਗਾਤਾਰ ਦੋ ਵਾਰ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਹਲਕੇ ਦੇ ਮੌਜੂਦਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਡੇ ਫਰਕ ਦੇ ਨਾਲ ਚੋਣਾਂ ਜਿੱਤਦੇ ਆ ਰਹੇ ਹਨ। ਪਰ ਇਸ ਵਾਰ ਹਲਕਾ ਆਤਮ ਨਗਰ ਤੋਂ ਵਿਧਾਨ ਸਭਾ ਲਈ ਜਾਣ ਵਾਲਾ ਰਸਤਾ ਵਿਧਾਇਕ ਬੈਂਸ ਲਈ ਆਸਾਨ ਨਜ਼ਰ ਨਹੀਂ ਆ ਰਿਹਾ ਹੈ। ਇਸ ਵਾਰ ਵਿਧਾਇਕ ਬੈਂਸ ਆਪਣੇ ਨਜ਼ਦੀਕੀ ਸਾਥੀ ਤੋਂ ਸਿਆਸੀ ਦੁਸ਼ਮਣ ਬਣੇ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੇ ਨਾਲ ਸਿੰਗ ਫਸਾ ਕੇ ਬੈਠੇ ਹਨ। ਜਦਕਿ ਇਸ ਹਲਕੇ ਵਿੱਚ ਬਾਕੀ ਤਿੰਨ ਉਮੀਦਵਾਰ ਲਗਾਤਾਰ ਚੋਣ ਪ੍ਰਚਾਰ ਕਰਕੇ ਆਪਣੇ ਆਪ ਨੂੰ ਮਜ਼ਬੂਤ ਕਰ ਰਹੇ ਹਨ। ਹਲਕਾ ਆਤਮ ਨਗਰ ਦੀ ਗੱਲ ਕਰੀਏ ਤਾਂ ਇਸ ਵਾਰ ਇੱਥੇ ਪੰਜ ਉਮੀਦਵਾਰਾਂ ਵਿੱਚ ਫੱਸਵਾਂ ਮੁਕਾਬਲਾ ਹੋਵੇਗਾ। ਰੋਜ਼ਾਨਾ ਹੁੰਦੀਆਂ ਲੜਾਈਆਂ ਕਾਰਨ ਹਲਕੇ ਦੇ ਲੋਕਾਂ ਨੇ ਚੁੱਪੀ ਧਾਰੀ ਹੋਈ ਹੈ। ਜਿਸ ਕਰਕੇ ਇੱਥੋਂ ਦੀ ਸਿਆਸੀ ਹਵਾ ਕਿੱਧਰ ਜਾਏਗਾ , ਇਸਦਾ ਅੰਦਾਜ਼ਾ ਲਗਾਉਣਾ ਕਾਫ਼ੀ ਔਖਾ ਹੋ ਰਿਹਾ ਹੈ। ਹਲਕਾ ਆਤਮ ਨਗਰ ਵਿੱਚ ਇਸ ਵੇਲੇ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਮੌਜੂਦਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਹੀ ਹਨ, ਉਹ ਤੀਜ਼ੀ ਵਾਰ ਇਸੇ ਹਲਕੇ ਤੋਂ ਚੋਣ ਲੜ ਰਹੇ ਹਨ ਤੇ ਆਪਣੀ ਹੈਟ੍ਰਿਕ ਹੋਣ ਦਾ ਦਾਅਵਾ ਵੀ ਕਰ ਰਹੇ ਹਨ। ਇਸਦੇ ਨਾਲ ਹੀ ਕਾਂਗਰਸ ਵੱਲੋਂ ਉਮੀਦਵਰਾ ਕਮਲਜੀਤ ਸਿੰਘ ਕੜਵਲ ਚੋਣ ਮੈਦਾਨ ਵਿੱਚ ਹਨ, ਉਹ ਪਿਛਲੀ ਵਾਰ 28503 ਵੋਟਾਂ ਦੇ ਅੰਤਰ ਨਾਲ ਚੋਣ ਹਾਰੇ ਹਨ। ਇਸ ਤੋਂ ਇਲਾਵਾ ਇਸ ਵਾਰ ਵਿਧਾਇਕ ਬੈਂਸ ਨੂੰ ਟੱਕਰ ਦੇਣ ਦੇ ਲਈ ਦੋ ਵਕੀਲ ਵੀ ਚੋਣ ਮੈਦਾਨ ਵਿੱਚ ਹਨ, ਅਕਾਲੀ ਦਲ ਤੇ ਬਸਪਾ ਗੱਠਜੋੜ ਵੱਲੋਂ ਸੀਨੀਅਰ ਵਕੀਲ ਹਰੀਸ਼ ਰਾਏ ਢਾਂਡਾ ਚੋਣ ਮੈਦਾਨ ਵਿੱਚ ਹਨ, ਨਾਲ ਹੀ ਆਮ ਆਦਮੀ ਪਾਰਟੀ ਨੇ ਵੀ ਵਕੀਲ ਕੁਲਵੰਤ ਸਿੰਘ ਸਿੱਧੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸਦੇ ਨਾਲ ਹੀ ਸ਼ਹਿਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਤੇ ਬੁਢਲਾਡਾ ਤੋਂ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਵੀ ਭਾਜਪਾ ਤੇ ਪੰਜਾਬ ਲੋਕ ਕਾਂਗਰਸ ਵੱਲੋਂ ਚੋਣ ਮੈਦਾਨ ਵਿੱਚ ਉਤਰੇ ਹੋਏ ਹਨ। ਹਲਕਾ ਆਤਮ ਨਗਰ ਦੇ ਇਹ ਪੰਜੋਂ ਉਮੀਦਵਾਰ ਮਜ਼ਬੂਤੀ ਦੇ ਨਾਲ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ। ਪੰਜੇ ਉਮੀਦਵਾਰ ਹਲਕੇ ਵਿੱਚ ਕਾਫ਼ੀ ਸਮੇਂ ਤੋਂ ਵਿਚਰ ਰਹੇ ਹਨ ਤੇ ਹਲਕੇ ਦੇ ਇੱਕ ਇੱਕ ਇਲਾਕੇ ਬਾਰੇ ਇਨ੍ਹਾਂ ਨੂੰ ਪਤਾ ਹੈ। ਹਲਕਾ ਆਤਮ ਨਗਰ ਵਿੱਚ ਇਸ ਵਾਰ ਹੁਣ ਤੱਕ ਵਿਧਾਇਕ ਬੈਂਸ ਤੇ ਕਾਂਗਰਸੀ ਉਮੀਦਵਰਾ ਕੜਵਲ ਦੇ ਸਮਰਥਕ ਦੋ ਵਾਰ ਆਹਮੋ- ਸਾਹਮਣੇ ਹੋ ਚੁੱਕੇ ਹਨ। ਤਕਰਾਰ ਦੌਰਾਨ ਗੋਲੀਆਂ ਤੱਕ ਚੱਲ ਚੁੱਕੀਆਂ ਹਨ। ਜਦੋਂ ਵੀ ਦੋਵਾਂ ਦੇ ਉਮੀਦਵਾਰ ਆਹਮੋ-ਸਾਹਮਣੇ ਹੁੰਦੇ ਹਨ ਤਾਂ ਇੱਕ ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਲੈਂਦੇ ਹਨ।
10 ਸਾਲਾਂ ਤੋਂ ਵਿਧਾਇਕ ਪਰ ਇਸ ਵਾਰ ਵਿਕਾਸ ਵਿੱਚ ਪਿੱਛੇ ਰਹਿ ਗਿਆ ਹਲਕਾ
ਵਿਧਾਇਕ ਸਿਮਰਜੀਤ ਸਿੰਘ ਬੈਂਸ ਆਪਣੇ ਅੰਦਾਜ਼ ਲਈ ਪੂਰੇ ਪੰਜਾਬ ਵਿੱਚ ਜਾਣੇ ਤਾਂ ਜ਼ਰੂਰ ਜਾਂਦੇ ਹਨ, ਪਰ ਹਮੇਸ਼ਾ ਹੀ ਸਰਕਾਰ ਦੇ ਐਂਟੀ ਰਹਿਣ ਕਾਰਨ ਉਨ੍ਹਾਂ ਦਾ ਹਲਕਾ ਇਸ ਵਾਰ ਵਿਕਾਸ ਕਾਰਜਾਂ ਵਿੱਚ ਪਿੱਛੇ ਰਹਿ ਗਿਆ ਹੈ। ਕਾਂਗਰਸੀ ਉਮੀਦਵਾਰ ਤੇ ਹਲਕਾ ਇੰਚਾਰਜ ਕਮਲਜੀਤ ਸਿੰਘ ਕੜਵਲ ਤੇ ਵਿਧਾਇਕ ਬੈਂਸ ਦੋਵੇਂ ਹੀ ਹਲਕੇ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਹੋਣ ਦੇ ਦਾਅਵੇ ਕਰ ਰਹੇ ਹਨ। ਪਰ ਜ਼ਮੀਨੀ ਹਕੀਕਤ ਬਿਲਕੁੱਲ ਉਲਟ ਹੈ। ਸੜਕਾਂ, ਸੀਵਰੇਜ਼ ਦਾ ਬੁਰਾ ਹਾਲ ਹੈ।