ਪੱਤਰ ਪ੍ਰੇਰਕ
ਜਗਰਾਉਂ, 22 ਅਕਤੂਬਰ
ਪੁਲੀਸ ਨੇ ਇੱਕ ਵਿਅਕਤੀ ਖ਼ਿਲਾਫ਼ ਇੱਕੋ ਜ਼ਮੀਨ ਦਾ ਦੋ ਧਿਰਾਂ ਨਾਲ ਬਿਆਨਾ ਕਰਕੇ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ। ਪੁਲੀਸ ਅਧਿਕਾਰੀ ਅਨਵਰ ਮਸੀਹ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਵਾਸੀ ਪਿੰਡ ਗਹੌਰ ਨੇ ਸ਼ਿਕਾਇਤ ਕੀਤੀ ਸੀ ਕਿ ਹਰਬੰਸ ਸਿੰਘ ਸੰਧੂ ਵਾਸੀ 9 ਏ ਰਾਜਗੁਰੂ ਨਗਰ (ਲੁਧਿਆਣਾ) ਦੀ ਪਿੰਡ ਗਾਲਬਿ ਕਲਾਂ ਵਿੱਚ ਜ਼ਮੀਨ ਹੈ। ਇਸ ਜ਼ਮੀਨ ਨੂੰ ਵੇਚਣ ਲਈ ਹਰਬੰਸ ਸਿੰਘ ਸੰਧੂ ਨੇ ਉਸ ਨਾਲ ਸੰਪਰਕ ਕੀਤਾ ਅਤੇ ਸੌਦਾ ਬੈਅ ਕਰਨ ਉਪਰੰਤ ਬਿਆਨੇ ’ਤੇ ਸੁਖਵਿੰਦਰ ਸਿੰਘ ਪਾਸੋਂ ਰਕਮ ਲੈ ਲਈ। ਜਦੋਂ ਇਕਰਾਰ ਮੁਤਾਬਕ ਰਜਿਸਟਰੀ ਕਰਵਾਉਣ ਦਾ ਸਮਾਂ ਆਇਆ ਤਾਂ ਹਰਬੰਸ ਸਿੰਘ ਨੇ ਰਜਿਸਟਰੀ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਉਪਰੰਤ ਸੁਖਵਿੰਦਰ ਸਿੰਘ ਨੂੰ ਪਤਾ ਲੱਗਾ ਕਿ ਹਰਬੰਸ ਸਿੰਘ ਨੇ ਉਸੇ ਜ਼ਮੀਨ ਦਾ ਇੱਕ ਹੋਰ ਬਿਆਨਾ ਨਰਿੰਦਰਪਾਲ ਸਿੰਘ ਵਾਸੀ ਪਿੰਡ ਜੱਸੋਵਾਲ ਨਾਲ ਵੀ ਕੀਤਾ ਹੋਇਆ ਹੈ। ਇਸ ਮਾਮਲੇ ਦੀ ਜਾਂਚ ਖਾਸ ਅਪਰਾਧ ਸ਼ਾਖਾ ਦੇ ਡੀ.ਐਸ.ਪੀ ਵੱਲੋਂ ਕਰਨ ਉਪਰੰਤ ਰਿਪੋਰਟ ਸੀਨੀਅਰ ਪੁਲੀਸ ਕਪਤਾਨ ਹਰਜੀਤ ਸਿੰਘ ਨੂੰ ਸੌਂਪੀ ਗਈ। ਐੱਸਐੱਸੀਪੀ ਦੀਆਂ ਹਦਾਇਤਾਂ ’ਤੇ ਮੁਲਜ਼ਮ ਹਰਬੰਸ ਸਿੰਘ ਸੰਧੂ ਖ਼ਿਲਾਫ਼ ਪੁਲੀਸ ਨੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।