ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 18 ਸਤੰਬਰ
ਪਿੰਡ ਬੁਰਜ ਨਕਲੀਆਂ ਦੇ ਦਰਸ਼ਨ ਸਿੰਘ ਪੁੱਤਰ ਗੁਰਦੇਵ ਸਿੰਘ ਨਾਲ ‘ਵਿਦੇਸ਼ੀ ਦੋਸਤ’ ਵੱਲੋਂ ਮਾਰੀ ਕਰੀਬ ਢਾਈ ਲੱਖ ਦੀ ਠੱਗੀ ਦੀ ਸ਼ਿਕਾਇਤ ’ਤੇ ਥਾਣਾ ਸ਼ਹਿਰੀ ਰਾਏਕੋਟ ਦੀ ਪੁਲੀਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਪ ਪੁਲੀਸ ਕਪਤਾਨ (ਵਿਸ਼ੇਸ਼ ਅਪਰਾਧ ਸ਼ਾਖਾ) ਵੱਲੋਂ ਸ਼ਿਕਾਇਤ ਦੀ ਮੁੱਢਲੀ ਪੜਤਾਲ ਦੌਰਾਨ ਦੋਸ਼ਾਂ ਦੀ ਪੁਸ਼ਟੀ ਬਾਅਦ ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਦੇ ਹੁਕਮਾਂ ਅਨੁਸਾਰ ਅਣਪਛਾਤੇ ਸਣੇ ਦਿੱਲੀ ਵਾਸੀ ਬਾਲ ਮੁਕੰਦ ਖ਼ਿਲਾਫ਼ ਧੋਖਾਧੜੀ ਅਤੇ ਅਪਰਾਧਕ ਸਾਜ਼ਿਸ਼ ਦਾ ਕੇਸ ਦਰਜ ਕੀਤਾ ਗਿਆ ਹੈ। ਜਾਂਚ ਅਫ਼ਸਰ ਲਖਵਿੰਦਰ ਸਿੰਘ ਅਨੁਸਾਰ ਕੇਸ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਬੁਰਜ ਨਕਲੀਆਂ ਦੇ ਦਰਸ਼ਨ ਸਿੰਘ ਵੱਲੋਂ ਲਿਖਤੀ ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਸੀ ਕਿ ਵਿਦੇਸ਼ੀ ਫੋਨ ਨੰਬਰ ਤੋਂ ਵਟਸਐਪ ਕਾਲ ਕਰ ਕੇ ਖ਼ੁਦ ਨੂੰ ਪੁਰਾਣਾ ਦੋਸਤ ਦੱਸ ਕੇ ਇਕ ਅਣਪਛਾਤੇ ਵਿਅਕਤੀ ਨੇ ਸ਼ਿਕਾਇਤਕਰਤਾ ਨੂੰ ਭਰੋਸੇ ਵਿਚ ਲੈ ਲਿਆ। ਉਸ ਨੇ ਐਕਸਿਸ ਬੈਂਕ ਦੇ ਇਕ ਖਾਤਾ ਨੰਬਰ ਵਿਚ ਦੋ ਲੱਖ ਚਾਲੀ ਹਜ਼ਾਰ ਰੁਪਏ ਦੀ ਰਕਮ ਜਮਾਂ ਕਰਵਾ ਲਈ। ਉਸ ਤੋਂ ਬਾਅਦ ਫੋਨ ਕਰਨ ਵਾਲੇ ਨੇ ਫ਼ੋਨ ਕਰਨਾ ਅਤੇ ਚੁੱਕਣਾ ਵੀ ਬੰਦ ਕਰ ਦਿੱਤਾ ਅਤੇ ਨਾ ਹੀ ਪੈਸੇ ਵਾਪਸ ਦਿੱਤੇ। ਜਾਂਚ ਦੌਰਾਨ ਦੋਸ਼ਾਂ ਦੀ ਪੁਸ਼ਟੀ ਤੋਂ ਬਾਅਦ ਪੁਲੀਸ ਅਧਿਕਾਰੀਆਂ ਨੇ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਥਾਣੇਦਾਰ ਲਖਵਿੰਦਰ ਸਿੰਘ ਅਨੁਸਾਰ ਅਗਲੀ ਕਾਰਵਾਈ ਜਾਰੀ ਹੈ।