ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਸਤੰਬਰ
ਸ਼ਹਿਰ ਵਿੱਚ ਦੋ ਜਣਿਆਂ ਨਾਲ ਲੱਖਾਂ ਰੁਪਏ ਦੀ ਠੱਗੀ ਹੋਣ ਬਾਰੇ ਪਤਾ ਲੱਗਾ ਹੈ। ਥਾਣਾ ਪੀਏਯੂ ਦੀ ਪੁਲੀਸ ਨੂੰ ਕਿਚਲੂ ਨਗਰ ਦੇ ਈਐਨਟੀ ਡਾਕਟਰ ਅਰੁਣ ਮਿੱਤਰਾ ਨੇ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸ ਦੇ ਮੋਬਾਈਲ ਫ਼ੋਨ ਉੱਪਰ ਐੱਸਬੀਆਈ ਦੀ ਕ੍ਰੈਡਿਟ ਕਾਰਡ ਸ਼ਾਖਾ ਵੱਲੋਂ ਕੇਵਾਈਸੀ ਅਪਡੇਟ ਕਰਨ ਲਈ ਫੋਨ ਆਇਆ। ਉਸਨੇ ਜਦੋਂ ਆਪਣੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਰਾਜਾ ਅਤੇ ਅਬਦੁਲ ਮਜੀਦ ਸ਼ੇਖ ਵਾਸੀ ਮੋਹਨ ਨਗਰ ਸੂਰਤ (ਗੁਜਰਾਤ) ਨਾਲ ਸਾਂਝੀ ਕੀਤੀ ਤਾਂ ਉਸਦੇ ਕਾਰਡ ਵਿੱਚੋਂ ਦੋ ਟਰਾਂਜੈਕਸ਼ਨ ਰਾਹੀਂ 77, 250 ਰੁਪਏ ਦੀ ਰਕਮ ਟਰਾਂਸਫਰ ਹੋ ਗਈ। ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਕਤ ਦੋਵਾਂ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿੱਚ ਥਾਣਾ ਦੁੱਗਰੀ ਦੀ ਪੁਲੀਸ ਨੂੰ ਨਿਊ ਪੰਜਾਬ ਮਾਤਾ ਨਗਰ ਵਾਸੀ ਹਰਮੇਲ ਸਿੰਘ ਨੇ ਦੱਸਿਆ ਹੈ ਕਿ ਉਸਦੇ ਫ਼ੋਨ ਨੰਬਰ ਤੇ ਬਿਜਲੀ ਦਾ ਬਿੱਲ ਜਮ੍ਹਾ ਨਾ ਹੋਣ ਤੇ ਬਿਜਲੀ ਕੱਟਣ ਸਬੰਧੀ ਐਸਐਮਐਸ ਆਇਆ ਅਤੇ ਉਸਨੂੰ 93825-49753 ਫੋਨ ਨੰਬਰ ’ਤੇ ਗੱਲ ਕਰਨ ਲਈ ਕਿਹਾ। ਜਦੋਂ ਉਸ ਨੇ ਉਕਤ ਦੱਸੇ ਨੰਬਰ ’ਤੇ ਗੱਲ ਕੀਤੀ ਤਾਂ ਅੱਗੋਂ ਆਪਣੇ ਆਪਨੂੰ ਪਾਵਰਕੌਮ ਦਾ ਮੁਲਾਜ਼ਮ ਦੱਸ ਕੇ ਉਸ ਨੂੰ ਫੋਨ ’ਤੇ ਇੱਕ ਐਨੀ ਡਿਸਕ ਐਪ ਡਾਊਨਲੋਡ ਕਰਨ ਲਈ ਕਿਹਾ ਅਤੇ ਐਪ ਡਾਉੂਨਲੋਡ ਹੋਣ ਤੋਂ ਬਾਅਦ ਓਟੀਪੀ ਨੰਬਰ ਪੁੱਛਿਆ। ਉਸਨੇ ਆਪਣਾ ਓਟੀਪੀ ਨੰਬਰ ਉਸਨੂੰ ਦੱਸਿਆ ਤਾਂ ਲਗਾਤਾਰ 10 ਟਰਾਂਜੈਕਸ਼ਨ ਰਾਹੀਂ ਉਸ ਦੇ ਖਾਤੇ ਵਿੱਚੋਂ 8,01,977 ਰੁਪਏ ਟਰਾਂਸਫਰ ਹੋ ਗਏ।