ਚਰਨਜੀਤ ਸਿੰਘ ਢਿੱਲੋਂ
ਜਗਰਾਉਂ , 4 ਅਗਸਤ
ਇਥੇ ਪਿੰਡ ਮਾਣੂੰਕੇ ਵਾਸੀ ਇਕ ਲੜਕੇ ਨਾਲ ਵਿਆਹ ਕਰਵਾ ਕੇ ਵਿਦੇਸ਼ ਲਿਜਾਣ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਹਰਮੰਦਰ ਸਿੰਘ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਸ਼ਿਕਾਇਤ ਰਾਹੀਂ ਦੱਸਿਆ ਕਿ ਨੇੜਲੇ ਪਿੰਡ ਐਤੀਆਣਾ ਦੇ ਤੇਜਿੰਦਰ ਸਿੰਘ, ਜਿਸ ਦੀ ਲੜਕੀ ਹਰਮਨਜੋਤ ਕੌਰ ਦਾ ਵਿਆਹ ਉਸ ਨਾਲ 15.50 ਲੱਖ ਰੁਪਏ ਲੈ ਕੇ ਕੀਤਾ ਗਿਆ ਸੀ। ਪੀੜਤ ਅਨੁਸਾਰ ਤੇਜਿੰਦਰ ਸਿੰਘ ਨੇ ਵਿਆਹ ਸਮੇਂ ਪੈਸੇ ਇਹ ਵਾਅਦਾ ਕਰਕੇ ਲਏ ਸਨ ਕਿ ਉਹ ਉਸ ਨੂੰ ਕੈਨੇਡਾ ਲੈ ਕੇ ਜਾਵੇਗਾ ਅਤੇ ਇਹ ਵਿਆਹ ਵੀ ਪੱਕਾ ਹੋਵੇਗਾ, ਪਰ ਤ੍ਰਾਸਦੀ ਇਹ ਰਹੀ ਕਿ ਲੜਕੀ ਕੁਝ ਦਿਨ ਆਪਣੇ ਸਹੁਰੇ ਘਰ ਰਹਿਣ ਮਗਰੋਂ ਵਾਪਸ ਪੇਕੇ ਪਿੰਡ ਚੱਲੀ ਗਈ ਤੇ ਵਾਪਸ ਆਉਣ ਸਹੁਰੇ ਆਉਣ ਲਈ ਨਾ ਮੰਨੀ। ਉਸ ਨੇ ਦੱਸਿਆ ਕਿ ਦੋਵਾਂ ਧਿਰਾਂ ਵਿੱਚ ਹੋਏ ਰਾਜ਼ੀਨਾਮੇ ਤਹਿਤ ਇਹ ਤੈਅ ਹੋਇਆ ਸੀ ਕਿ ਹਰਮਨਜੋਤ ਕੌਰ ਲੜਕੇ ਦੀ ਰਕਮ ਵਾਪਸ ਕਰੇਗੀ, ਪਰ ਉਹ ਪੈਸੇ ਵਾਪਸ ਕਰਨ ਦੀ ਥਾਂ ਕੈਨੇਡਾ ਚਲੀ ਗਈ। ਉਸ ਨੇ ਦੱਸਿਆ ਕਿ ਤਲਾਕ ਵਾਲੇ ਕਾਗਜ਼ਾਂ ’ਤੇ ਤੇਜਿੰਦਰ ਸਿੰਘ ਉਸ ਦੀ ਪਤਨੀ ਜਸਵਿੰਦਰ ਕੌਰ ਅਤੇ ਹਰਮਨਜੋਤ ਕੌਰ ਨੇ ਹਰਮੰਦਰ ਸਿੰਘ ਦੇ ਦਸਤਖਤ ਕਰਵਾ ਲਏ ਸਨ। ਉਧਰ ਇਸ ਮਾਮਲੇ ਵਿੱਚ ਪੁਲੀਸ ਨੇ ਪੜਤਾਲ ਮਗਰੋਂ ਤੇਜਿੰਦਰ ਸਿੰਘ, ਉਸ ਦੀ ਪਤਨੀ ਜਸਵਿੰਦਰ ਕੌਰ ਅਤੇ ਹਰਮਨਜੋਤ ਕੌਰ ਖਿਲਾਫ ਧੋਖਾਧੜੀ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰਨ ਉਪਰੰਤ ਗ੍ਰਿਫਤਾਰੀ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।