ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 23 ਸਤੰਬਰ
ਪੁਲੀਸ ਨੇ ਬਿੱਲ ਨਾ ਭਰਨ ਦਾ ਡਰਾਵਾ ਦੇ ਕੇ ਇੱਕ ਲੱਖ ਰੁਪਏ ਠੱਗਣ ਦੇ ਮਾਮਲੇ ਵਿੱਚ ਇੱਕ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਹੁਲ ਕੁਮਾਰ ਵਾਸੀ ਕਰਨਾਲ ਵਿਹਾਰ ਦਿੱਲੀ ਵਜੋਂ ਹੋਈ ਹੈ। ਰਾਏਕੋਟ (ਸ਼ਹਿਰੀ) ਪੁਲੀਸ ਨੇ ਇਹ ਕਾਰਵਾਈ ਰਾਏਕੋਟ ਵਾਸੀ ਰਾਜੇਸ਼ ਮਨੋਹਰ ਸ਼ੇਰੇਕਰ ਦੀ ਸ਼ਿਕਾਇਤ ’ਤੇ ਕੀਤੀ ਹੈ। ਰਾਜੇਸ਼ ਨੇ ਜ਼ਿਲ੍ਹਾ ਪੁਲੀਸ ਮੁਖੀ (ਦਿਹਾਤੀ) ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਰਾਹੁਲ ਕੁਮਾਰ ਨੇ ਇੰਟਰਨੈੱਟ ਕੰਪਨੀ ਦਾ ਬਿੱਲ ਨਾ ਭਰਨ ਕਾਰਨ ਕੇਸ ਵਿਚ ਫਸਾਉਣ ਦਾ ਡਰਾਵਾ ਦੇ ਕੇ ਉਸ ਕੋਲੋਂ ਇੱਕ ਲੱਖ ਰੁਪਏ ਠੱਗ ਲਏ। ਉਪ ਪੁਲੀਸ ਕਪਤਾਨ (ਸਥਾਨਕ) ਲੁਧਿਆਣਾ (ਦਿਹਾਤੀ) ਦੀ ਜਾਂਚ ਮਗਰੋਂ ਥਾਣਾ ਰਾਏਕੋਟ (ਸ਼ਹਿਰੀ) ਦੀ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਗਈ ਹੈ।