ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਅਕਤੂਬਰ
ਥਾਣਾ ਦਰੇਸੀ ਦੀ ਪੁਲੀਸ ਨੇ ਇਕ ਔਰਤ ਨੂੰ ਸਟੱਡੀ ਵੀਜ਼ਾ ’ਤੇ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਗ ਦੇ ਦੋਸ਼ ਹੇਠ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਬਸਤੀ ਜੋਧੇਵਾਲ ਵਾਸੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਦਵਿੰਦਰ ਸਿੰਘ ਗਿੱਲ ਵਾਸੀ ਸੈਕਟਰ 70 ਮੋਹਾਲੀ, ਸੋਨਮ ਆਨੰਦ ਤੇ ਰਣਜੀਤ ਸਿੰਘ ਰੰਧਾਵਾ ਵਾਸੀ ਇੰਡਸਟਰੀਅਲ ਏਰੀਆ ਮੋਹਾਲੀ ਨੇ ਉਸ ਦੀ ਪਤਨੀ ਨੂੰ ਸਟੱਡੀ ਵੀਜ਼ਾ ’ਤੇ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਪੰਜ ਲੱਖ ਰੁਪਏ ਲਏ ਸਨ। ਪਰ ਉਨ੍ਹਾਂ ਵੱਲੋਂ ਨਾ ਤਾਂ ਉਸ ਨੂੰ ਇੰਗਲੈਂਡ ਭੇਜਿਆ ਗਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ ਹਨ। ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਜਾਂਚ ਉਪਰੰਤ ਤਿੰਨਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਵਿਦੇਸ਼ੀ ਰਿਸ਼ਤੇਦਾਰ ਬਣ ਕੇ ਹਜ਼ਾਰਾਂ ਰੁਪਏ ਠੱਗੇ
ਥਾਣਾ ਦੁੱਗਰੀ ਦੀ ਪੁਲੀਸ ਨੇ ਬਿਹਾਰ ਦੇ ਜ਼ਿਲ੍ਹਾ ਬਸਾਰੀਆ ਵਾਸੀ ਪ੍ਰਕਾਸ਼ ਕੁਮਾਰ ਖਿਲਾਫ਼ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਖਜ਼ਾਨ ਸਿੰਘ ਵਾਸੀ ਸ਼ਹੀਦ ਕਰਨੈਲ ਸਿੰਘ ਨਗਰ ਫੇਜ਼-3 ਪੱਖੋਵਾਲ ਰੋਡ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਕਿ ਕਿਸੇ ਅਣਜਾਣ ਵਿਅਕਤੀ ਨੇ ਕੈਨੇਡਾ ਦੇ ਮੋਬਾਈਲ ਫੋਨ ਨੰਬਰ ਤੋਂ ਉਸ ਦਾ ਰਿਸ਼ਤੇਦਾਰ ਬਣ ਕੇ ਵ੍ਹਟਸਐਪ ਕਾਲ ਕੀਤੀ। ਕਾਲ ਕਰਨ ਵਾਲੇ ਵਿਅਕਤੀ ਨੇ ਉਸ ਦੇ ਸਟੇਟ ਬੈਂਕ ਆਫ ਇੰਡੀਆ ਦੇ ਖਾਤੇ ਵਿਚ ਤਿੰਨ ਲੱਖ ਰੁਪਏ ਜਮ੍ਹਾਂ ਕਰਾਉਣ ਬਾਰੇ ਦੱਸਿਆ ਅਤੇ ਉਸ ਦੀ ਰਸੀਦ ਵੀ ਭੇਜ ਦਿੱਤੀ। ਉਸ ਤੋਂ ਬਾਅਦ ਫੋਨ ਕਰਨ ਵਾਲੇ ਵਿਅਕਤੀ ਨੇ ਪ੍ਰਕਾਸ਼ ਕੁਮਾਰ ਦੇ ਯੂਕੋ ਬੈਂਕ ਖਾਤੇ ਦਾ ਵੇਰਵਾ ਭੇਜ ਕੇ ਉਸ ਖਾਤੇ ਵਿੱਚ ਪੰਜਾਹ ਹਜ਼ਾਰ ਰੁਪਏ ਦੀ ਰਕਮ ਟ੍ਰਾਂਸਫਰ ਕਰਾ ਲਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਜਦੋਂ ਆਪਣੇ ਬੈਂਕ ਖਾਤੇ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਸ ਦੇ ਖਾਤੇ ਵਿੱਚ ਕੋਈ ਵੀ ਰਕਮ ਜਮ੍ਹਾਂ ਨਹੀਂ ਸੀ ਹੋਈ। ਪੁਲੀਸ ਵੱਲੋਂ ਪ੍ਰਕਾਸ਼ ਕੁਮਾਰ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।