ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 21 ਮਾਰਚ
ਇਥੇ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਦੋ ਲੁਟੇਰਾ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਲੁੱਟੇ ਹੋਏ ਮੋਬਾਈਲ ਫੋਨ ਮੋਟਰਸਾਈਕਲ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਥਾਣਾ ਫੋਕਲ ਪੁਆਇੰਟ ਦੇ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਜਦੋਂ ਉਨ੍ਹਾਂ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਰੋਕਮੈਨ ਚੌਕ ਫੇਜ਼ ਪੰਜ ਫੋਕਲ ਪੁਆਇੰਟ ’ਤੇ ਗਸ਼ਤ ਕਰ ਰਹੀ ਸੀ ਤਾਂ ਮੋਟਰਸਾਈਕਲ ’ਤੇ ਆ ਰਹੇ ਏਕਦੀਪ ਸਿੰਘ ਉਰਫ਼ ਵਿਨੈ ਵਾਸੀ ਕੋਟ ਮੰਗਲ ਸਿੰਘ ਅਤੇ ਜਸਵਿੰਦਰ ਸਿੰਘ ਉਰਫ਼ ਜੱਸਾ ਵਾਸੀ ਨਿਊ ਜਨਤਾ ਨਗਰ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਕੋਲੋਂ ਜਾਅਲੀ ਨੰਬਰ ਪਲੇਟ ਲੱਗਾ ਮੋਟਰਸਾਈਕਲ ਬਰਾਮਦ ਹੋਇਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਤਿੰਨ ਮੋਬਾਈਲ ਫੋਨ, ਲੋਹੇ ਦੀ ਦਾਤ ਅਤੇ ਕਿਰਚ ਵੀ ਮਿਲੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਦੋਵਾਂ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲੀਸ ਨੇ ਸੇਖੇਵਾਲ ਰੋਡ ਵਾਸੀ ਪ੍ਰੇਮ ਸਿੰਘ ਅਤੇ ਵਿਜੈ ਕੁਮਾਰ ਵਾਸੀ ਨਾਨਕ ਨਗਰ ਨੂੰ ਮੁਹੱਲਾ ਅਮਰਪੁਰਾ ਸਥਿਤ ਸ਼ਨੀ ਮੰਦਰ ਨੇੜਿਓਂ ਕਾਬੂ ਕਰ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕੋਲੋਂ ਚੋਰੀ ਹੋਇਆ ਐਕਟਿਵਾ ਸਕੂਟਰ ਬਰਾਮਦ ਹੋਇਆ, ਜਿਸ ਉੱਪਰ ਉਨ੍ਹਾਂ ਜਾਅਲੀ ਨੰਬਰ ਪਲੇਟ ਲਗਾਈ ਹੋਈ ਸੀ। ਜਾਂਚ ਅਧਿਕਾਰੀ ਏਐੱਸਆਈ ਭਜਨ ਲਾਲ ਨੇ ਦੱਸਿਆ ਹੈ ਕਿ ਪੁਲੀਸ ਮੁਲਜ਼ਮਾਂ ਤੋਂ ਹੋਰ ਪੁਛਗਿੱਛ ਕਰ ਰਹੀ ਹੈ।
ਦੋ ਕੇਸਾਂ ਵਿੱਚ ਲੋੜੀਂਦੇ ਤਿੰਨ ਮੁਲਜ਼ਮ ਕਾਬੂ਼
ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਇੱਥੋਂ ਦੀ ਪੁਲੀਸ ਨੇ ਲੁੱਟ-ਖੋਹ ਤੇ ਚੋਰੀ ਦੇ ਦੋ ਵੱਖ-ਵੱਖ ਕੇਸਾਂ ਵਿੱਚ ਲੋੜੀਂਦੇ ਤਿੰਨ ਵਿਅਕਤੀਆਂ ਨੂੰ ਕਰੀਬ ਦੋ ਲੱਖ ਰੁਪਏ ਦੇ ਸਾਮਾਨ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਿਕੰਦਰ ਅਲੀ ਵਾਸੀ ਵਾਰਡ ਨੰਬਰ 6 ਅਹਿਮਦਗੜ੍ਹ ,ਪ੍ਰਸ਼ਾਂਤ ਕੁਮਾਰ ਜਿਊਲਰ ਦਲੀਜ਼ ਰੋਡ ਅਤੇ ਸ਼ੇਰ ਸਿੰਘ ਸ਼ੇਰੂ ਨਿਵਾਸੀ ਮੋਮਨਾਬਾਦ ਵੱਜੋਂ ਕੀਤੀ ਗਈ ਹੈ। ਡੀਐੱਸਪੀ ਅਹਿਮਦਗੜ੍ਹ ਹਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਸਿਕੰਦਰ ਅਲੀ ਤੇ ਪ੍ਰਸ਼ਾਂਤ ਕੁਮਾਰ ਨੂੰ ਵੱਖ ਵੱਖ ਥਾਵਾਂ ਤੋਂ ਕਾਬੂ ਕੀਤਾ ਸੀ। ਸਿਕੰਦਰ ਅਲੀ ਨੇ ਹੋਲੀ ਵਾਲੇ ਦਿਨ ਪੂਨਮ ਰਾਣੀ ਦੀ ਸੋਨੇ ਦੀ ਚੇਨੀ ਖੋਹ ਲਈ ਸੀ। ਦੋ ਦਿਨ ਸੀਸੀਟੀਵੀ ਕੈਮਰਿਆਂ ਦੀ ਘੋਖ ਕਰਨ ਤੋਂ ਬਾਅਦ ਪੁਲੀਸ ਨੇ ਮੁੱਖ ਮੁਲਜ਼ਮ ਸਿਕੰਦਰ ਅਲੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਸਨੇ ਮੰਨਿਆ ਸੀ ਖੋਹੀ ਹੋਏ ਚੇਨੀ ਉਸਨੇ ਪ੍ਰਸ਼ਾਂਤ ਕੁਮਾਰ ਨੂੰ ਵੇਚ ਦਿੱਤੀ ਸੀ ਅਤੇ ਇੱਕ ਐੱਲਈਡੀ ਮੁੱਲ ਲੈ ਲਈ ਸੀ। ਪ੍ਰਸ਼ਾਂਤ ਕੁਮਾਰ ਨੂੰ ਚੋਰੀ ਦਾ ਸੋਨਾ ਖਰੀਦਣ ਅਤੇ ਪਿਘਲਾ ਕੇ ਸਬੂਤ ਖਤਮ ਕਰਨ ਦੇ ਦੋਸ਼ ਵਿੱਚ ਕਾਬੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲੀਸ ਨੇ ਸ਼ੇਰ ਸਿੰਘ ਉਰਫ਼ ਸ਼ੇਰੂ ਨਿਵਾਸੀ ਮੋਮਨਾਬਾਦ ਨੂੰ ਗ੍ਰਿਫ਼ਤਾਰ ਕਰ ਕੇ ਕੁਝ ਸਮਾਂ ਪਹਿਲਾਂ ਰਾਜਾ ਇੰਟਰਪ੍ਰਾਈਜ਼ਜ ਜਗੇੜਾ ਰੋਡ ਤੋਂ ਚੋਰੀ ਕੀਤੇ ਦੋ ਕਾਰ ਵਾਸ਼ਰ ਬਰਾਮਦ ਕਰਵਾਏ ਹਨ।