ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਜੁਲਾਈ
ਬਿਹਾਰ ਤੋਂ ਨਾਜਾਇਜ਼ ਹਥਿਆਰ ਲਿਆ ਕੇ ਸਨਅਤੀ ਸ਼ਹਿਰ ’ਚ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਘੁੰਮ ਰਹੇ ਗੰਜਾ ਗੈਂਗ ਦੇ ਚਾਰ ਮੈਂਬਰਾਂ ਨੂੰ ਸੀਆਈਏ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੂੰ ਪੁਲੀਸ ਨੇ ਪੀਏਯੂ ਥਾਣੇ ਦੇ ਇਲਾਕੇ ’ਚੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 32 ਬੋਰ ਦੇ ਦੋ ਪਿਸਤੌਲ ਸਣੇ 6 ਕਾਰਤੂਸ ਬਰਾਮਦ ਹੋਏ ਹਨ। ਪੁਲੀਸ ਨੇ ਇਸ ਮਾਮਲੇ ’ਚ ਬਿਹਾਰ ਦੇ ਸਮਸਤੀਪੁਰ ਸਥਿਤ ਪਿੰਡ ਚਕਮੇਸੀ ਵਾਸੀ ਮੁਹੰਮਦ ਅਹਿਮਦ, ਅਭਿਨਵ ਕੁਮਾਰ, ਆਦਿਤਿਆ ਉਰਫ਼ ਅਭੀ ਤੇ ਸਤਿੰਦਰ ਸਿੰਘ ਉਰਫ਼ ਹੈਪੀ ਦੇ ਖਿਲਾਫ਼ ਕੇਸ ਦਰਜ ਕਰ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰ ਇੱਕ ਰੋਜ਼ਾ ਪੁਲੀਸ ਰਿਮਾਂਡ ’ਤੇ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।
ਪੁੱਛਗਿੱਛ ’ਚ ਸਾਹਮਣੇ ਆਇਆ ਕਿ ਮੁਲਜ਼ਮ ਅਹਿਮਦ ਦੇ ਖਿਲਾਫ਼ ਬਿਹਾਰ ਦੇ ਜ਼ਿਲ੍ਹਾ ਸਮਸਤੀਪੁਰ ਦੇ ਵੱਖ-ਵੱਖ ਥਾਣਿਆਂ ’ਚ ਕੇਸ ਦਰਜ ਹਨ। ਸਤਿੰਦਰ ਹੈਪੀ ਦੇ ਖਿਲਾਫ਼ ਵੀ ਹੈਬੋਵਾਲ ’ਚ ਕੇਸ ਦਰਜ ਹੈ। ਪੁਲੀਸ ਪੁੱਛਗਿੱਛ ’ਚ ਪਤਾ ਲੱਗਿਆ ਕਿ ਮੁਲਜ਼ਮ ਬਿਹਾਰ ਤੋਂ ਹੀ ਸਸਤੇ ਭਾਅ ’ਚ ਹਥਿਆਰ ਲੈ ਕੇ ਆਏ ਸਨ। ਇੱਥੇ ਉਨ੍ਹਾਂ ਇਸ ਹਥਿਆਰ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਪਤਾ ਲਾਉਣ ’ਚ ਲੱਗੀ ਹੋਈ ਹੈ ਕਿ ਮੁਲਜ਼ਮਾਂ ਨੇ ਕਿੱਥੇ ਵਾਰਦਾਤ ਨੂੰ ਅੰਜਾਮ ਦੇਣਾ ਸੀ।