ਗੁਰਿੰਦਰ ਸਿੰਘ
ਲੁਧਿਆਣਾ, 20 ਅਕਤੂਬਰ
ਵੱਖ ਵੱਖ ਸੜਕ ਹਾਦਸਿਆਂ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ ਹੈ, ਜਦਕਿ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਥਾਣਾ ਸਲੇਮ ਟਾਬਰੀ ਦੇ ਇਲਾਕੇ ਵਿੱਚ ਪੈਂਂਦੇ ਮਲਹੋਤਰਾ ਪੈਲੇਸ ਕੱਟ ਕੋਲ ਬੱਸ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ। ਇਸ ਬਾਰੇ ਪੁਸ਼ਪਾ ਰਾਣੀ ਪਤਨੀ ਗੁਰਚਰਨ ਦਾਸ ਵਾਸੀ ਨਿਊ ਪੁਨੀਤ ਨਗਰ ਨੇ ਦੱਸਿਆ ਕਿ ਅੱਜ ਸਵੇਰੇ ਮੋਟਰਸਾਈਕਲ ’ਤੇ ਪਿੰਡ ਭੱਟੀਆਂ ਜਾ ਰਹੇ ਉਸ ਦੇ ਪਤੀ ਗੁਰਚਰਨ ਦਾਸ (49) ਨੂੰ ਮਲਹੋਤਰਾ ਪੈਲੇਸ ਕੱਟ ਕੋਲ ਅਜ਼ਾਦ ਪ੍ਰਾਈਵੇਟ ਲਿਮਟਿਡ ਜਲੰਧਰ ਦੀ ਬੱਸ ਦੇ ਡਰਾਈਵਰ ਨੇ ਅੱਗੇ ਜਾ ਰਹੀ ਵੈਗਨਾਰ ਕਾਰ ਨੂੰ ਟੱਕਰ ਮਾਰੀ ਅਤੇ ਅੱਗੋਂ ਉਹ ਮੋਟਰਸਾਈਕਲ ਵਿੱਚ ਜਾ ਵੱਜੀ, ਜਿਸ ਕਾਰਨ ਉਸ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ। ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣੇਦਾਰ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਜੀਵਨ ਵਾਸੀ ਪਿੰਡ ਸਿੱਧਵਾਂ ਥਾਣਾ ਨਕੋਦਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਸੇ ਤਰ੍ਹਾਂ ਥਾਣਾ ਡੇਹਲੋਂ ਦੇ ਇਲਾਕੇ ਮੇਨ ਰੋਡ ਗੇਟ ਗੁਰਦੁਆਰਾ ਸਾਹਿਬ ਆਲਮਗੀਰ ਨੇੜੇ ਵਾਪਰੇ ਹਾਦਸੇ ਵਿੱਚ ਇੱਕ ਬਜ਼ੁਰਗ ਦੀ ਮੌਤ ਹੋ ਗਈ ਹੈ। ਇਸ ਸਬੰਧੀ ਬਲਦੇਵ ਸਿੰਘ ਵਾਸੀ ਭਾਈ ਹਿੰਮਤ ਸਿੰਘ ਨਗਰ ਬਲਾਕ ਬੀ ਨੇ ਪੁਲੀਸ ਨੂੰ ਦੱਸਿਆ ਕਿ ਸਾਈਕਲ ’ਤੇ ਜਾ ਰਹੇ ਉਸ ਦੇ ਪਿਤਾ ਅਜੀਤ ਸਿੰਘ (76) ਨੂੰ ਇਕ ਮਹਿੰਦਰਾ ਪਿੱਕਅਪ ਦੇ ਅਣਪਛਾਤੇ ਡਰਾਈਵਰ ਨੇ ਟੱਕਰ ਮਾਰੀ, ਜਿਸ ਕਾਰਨ ਉਹ ਜ਼ਖਮੀ ਹੋ ਗਏ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਥਾਣੇਦਾਰ ਸੁਲੱਖਣ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਮਗਰੋਂ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬਿਆਨ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਇਸੇ ਦੌਰਾਨ ਥਾਣਾ ਮਾਡਲ ਟਾਊਨ ਦੀ ਪੁਲੀਸ ਨੂੰ ਸਤਪਾਲ ਸਿੰਘ ਵਾਸੀ ਗਲੀ ਨੰਥਰ 4 ਨਿਊ ਸ਼ਿਮਲਾਪੁਰੀ ਨੇ ਦੱਸਿਆ ਕਿ ਉਹ ਰੇਲਵੇ ਲਾਈਨਾਂ ਆਤਮ ਨਗਰ ਪੁੱਲ ਦੇ ਕੋਲੋਂ ਲੰਘ ਰਿਹਾ ਸੀ ਤਾਂ ਇੱਕ ਨਾਮਾਲੂਮ ਵਿਅਕਤੀ (70/71 ਸਾਲ) ਜ਼ਖ਼ਮੀ ਹਾਲਤ ਵਿੱਚ ਪਿਆ ਸੀ, ਜਿਸ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਸੀ। ਉਸ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦਾਖਲ਼ ਕਰਾਇਆ ਗਿਆ, ਜਿੱਥੇ ਇਲਾਜ ਦੌਰਾਨ ਮੌਤ ਹੋ ਗਈ। ਥਾਣੇਦਾਰ ਗੁਰਦੇਵ ਰਾਮ ਨੇ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਇਸੇ ਤਰ੍ਹਾਂ ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਰਮੇਸ਼ਵਰ ਰਾਮ ਵਾਸੀ ਢੰਡਾਰੀ ਖੁਰਦ ਨੇ ਦੱਸਿਆ ਕਿ ਉਸ ਦੇ ਲੜਕੇ ਰਣਧੀਰ ਕੁਮਾਰ (23) ਨੂੰ ਢੰਡਾਰੀ ਪੁਲ ਨੇੜੇ ਜੀਟੀ ਰੋਡ ਸੜਕ ਪਾਰ ਕਰਦੇ ਸਮੇਂ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਟੱਕਰ ਮਾਰ ਦਿੱਤੀ ਅਤੇ ਇਲਾਜ ਦੌਰਾਨ ਸਿਵਲ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਹੌਲਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਥਾਣਾ ਡਵੀਜਨ ਨੰਬਰ 6 ਦੀ ਪੁਲੀਸ ਨੂੰ ਸੰਜੇ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਪੀਲਾ ਵਿਹੜਾ ਨੇ ਦੱਸਿਆ ਕਿ ਉਸ ਦੇ ਚਾਚਾ ਰਾਮ ਚੰਦਰ ਕੰਮ ਤੋਂ ਘਰ ਆ ਰਹੇ ਸਨ ਤਾਂ ਡਾਬਾ ਰੋਡ ਚੌਕ ਵਾਲੀ ਸੜਕ ਪਾਰ ਕਰਦਿਆਂ ਇੱਕ ਨਾਮਾਲੂਮ ਮੋਟਰਸਾਈਕਲ ਚਾਲਕ ਨੇ ਤੇਜ਼ ਰਫਤਾਰੀ ਕਾਰਨ ਚਾਚੇ ਵਿੱਚ ਟੱਕਰ ਮਾਰੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਦਾਖਲ ਕਰਾਇਆ ਗਿਆ ਹੈ। ਪੁਲੀਸ ਨੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।