ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 27 ਅਗਸਤ
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਚਾਰ ਜਣਿਆਂ ਨੂੰ ਲੱਖਾਂ ਰੁਪਏ ਦੇ ਮੁੱਲ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਲੇਮ ਟਾਬਰੀ ਦੇ ਸਬ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਜਲੰਧਰ ਬਾਈਪਾਸ ਕੋਲ ਮੌਜੂਦ ਸੀ ਤਾਂ ਸੂਚਨਾ ਮਿਲਣ ਤੇ ਪੁਲੀਸ ਨੇ ਜੱਸੀਆ ਰੋਡ ਰੇਲਵੇ ਲਾਈਨਾਂ ਕੋਲੋਂ ਜਸਕਰਨ ਸਿੰਘ ਵਾਸੀ ਅਸ਼ੋਕ ਨਗਰ ਨੂੰ ਕਾਬੂ ਕਰਕੇ 10 ਗਰਾਮ ਹੈਰੋਇਨ ਬਰਾਮਦ ਕੀਤੀ। ਇਸੇ ਤਰ੍ਹਾਂ ਥਾਣਾ ਸਰਾਭਾ ਨਗਰ ਦੇ ਥਾਣੇਦਾਰ ਜਗਜੀਤ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਰਘੂਨਾਥ ਹਸਪਤਾਲ ਫਿਰੋਜ਼ਪੁਰ ਰੋਡ ਵਿੱਖੇ ਨਾਕੇ ਦੌਰਾਨ ਪੈਦਲ ਆ ਰਹੇ ਗੁਰਿੰਦਰ ਸਿੰਘ ਵਾਸੀ ਬਾੜੇਵਾਲ ਨੂੰ ਸ਼ੱਕ ਦੀ ਬਿਨਾਅ ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 8 ਗ੍ਰਾਮ ਹੈਰੋਇਨ ਅਤੇ 330 ਰੁਪਏ ਬਰਾਮਦ ਹੋਏ। ਸਬ ਇੰਸਪੈਕਟਰ ਜਸਪਾਲ ਸਿੰਘ ਵੱਲੋਂ ਗੁਰਿੰਦਰ ਸਿੰਘ ਤੋਂ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
ਇਸ ਤਰ੍ਹਾਂ ਇਕ ਹੋਰ ਮਾਮਲੇ ਵਿੱਚ ਥਾਣਾ ਮਾਡਲ ਟਾਊਨ ਦੇ ਥਾਣੇਦਾਰ ਜਰਨੈਲ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਆਤਮ ਨਗਰ ਚੌਕ ਕੋਲ ਮੌਜੂਦ ਸੀ ਤਾਂ ਚੀਮਾ ਚੌਕ ਵੱਲੋਂ ਬਲਰਾਜ ਗੇਟ ਨੇੜੇ ਬੱਸ ਅੱਡਾ ਵੱਲ ਆ ਰਹੇ ਰਾਜਵੀਰ ਸਿੰਘ ਵਾਸੀ ਅਬਦੁੱਲਾਪੁਰ ਬਸਤੀ ਅਤੇ ਜਤਿੰਦਰ ਸਿੰਘ ਵਾਸੀ ਇੰਦਰਾ ਨਗਰ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣੇਦਾਰ ਬਲਵਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਮੁਲਜ਼ਮਾਂ ਤੋਂ ਨਸ਼ਾ ਤਸਕਰਾਂ ਬਾਰੇ ਪੁੱਛ ਪੜਤਾਲ ਕਰ ਰਹੀ ਹੈ।